ਐੱਸ. ਕੇ. ਐੱਮ. ਗ਼ੈਰ ਰਾਜਨੀਤਕ ਭਾਰਤ ਵੱਲੋਂ ਰਾਏ ਕੇ ਕਲਾਂ ''ਚ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਨਿਖੇਧੀ
Tuesday, Nov 12, 2024 - 11:12 PM (IST)
ਜੈਤੋ (ਰਘੂਨੰਦਨ ਪਰਾਸ਼ਰ ) : ਖਨੌਰੀ ਬਾਰਡਰ 'ਤੇ ਮੰਗਲਵਾਰ ਨੂੰ ਐੱਸ. ਕੇ. ਐੱਮ. ਗ਼ੈਰ ਰਾਜਨੀਤਕ ਭਾਰਤ ਦੀ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ 11 ਨਵੰਬਰ ਨੂੰ ਬਠਿੰਡਾ ਦੇ ਰਾਏ ਕੇ ਕਲਾਂ ਵਿਖੇ ਪੁਲਸ ਬਲ ਦੀ ਵਰਤੋਂ ਕਰਦੇ ਹੋਏ ਨਿਰਦੋਸ਼ ਕਿਸਾਨਾਂ ਉੱਪਰ ਕੀਤੇ ਗਏ ਲਾਠੀਚਾਰਜ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਸ ਸਾਰੇ ਘਟਨਾਕ੍ਰਮ ਦੀ ਪੜਤਾਲ ਕਰਨ 'ਤੇ ਪਤਾ ਲੱਗਦਾ ਹੈ ਕਿ ਸਾਰੇ ਹਾਲਾਤ ਪੈਦਾ ਕਰਨ ਦਾ ਦੋਸ਼ੀ ਖ਼ਰੀਦ ਏਜੰਸੀ ਦਾ ਇੰਸਪੈਕਟਰ ਹੈ ਜਿਸ ਵੱਲੋਂ ਕਿਸਾਨਾਂ ਦੀ 17% ਤੋਂ ਥੱਲੇ ਨਮੀਂ ਵਾਲੇ ਝੋਨੇ ਨੂੰ ਐੱਮ. ਐੱਸ. ਪੀ. ਉੱਪਰ ਖ਼ਰੀਦਣ ਦੀ ਬਜਾਏ ਸੱਤ ਤੋਂ ਅੱਠ ਕਿਲੋ ਕਾਟ ਦੀ ਮੰਗ ਕਰ ਰਹੇ ਨੇ ਸ਼ੈਲਰਾਂ ਅਤੇ ਆੜ੍ਹਤੀਆਂ ਦਾ ਪੱਖ ਪੂਰਿਆ ਗਿਆ ਸੀ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਲੁੱਟ ਨੂੰ ਰੋਕਣ ਦੀ ਬਜਾਏ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਸ਼ਹਿ ਦਿੰਦੇ ਹੋਏ ਮਾਹੌਲ ਨੂੰ ਵਿਗਾੜ ਕੇ ਕਿਸਾਨਾਂ ਉੱਪਰ ਲਾਠੀਚਾਰਜ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜ ਧਰਮ ਦਾ ਪਾਲਣ ਕਰਦੇ ਹੋਏ ਆਪਣੇ ਲੋਕਾਂ ਦੀ ਮੰਡੀਆਂ ਵਿਚ ਹੋ ਰਹੀ ਲੁੱਟ ਨੂੰ ਰੋਕੇ ਅਤੇ ਦੋਸ਼ੀ ਅਧਿਕਾਰੀਆਂ, ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਉੱਪਰ ਸਖਤ ਕਾਰਵਾਈ ਕਰੇ।
ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ 15 ਨਵੰਬਰ ਨੂੰ ਖਨੌਰੀ ਬਾਰਡਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾਣਗੇ ਅਤੇ 17 ਨਵੰਬਰ ਨੂੰ ਭੋਗ ਪਾਏ ਜਾਣਗੇ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਗੁਰੂ ਸਾਹਿਬ ਅੱਗੇ ਕਿਸਾਨਾਂ ਮਜ਼ਦੂਰਾਂ ਦੇ ਭਵਿੱਖ ਨੂੰ ਬਚਾਉਣ ਲਈ 13 ਫਰਵਰੀ ਤੋਂ ਲੜੇ ਜਾ ਰਹੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ 14 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਮੋਰਚੇ ਵੱਲੋਂ ਐੱਸ. ਕੇ. ਐੱਮ. ਗ਼ੈਰ ਰਾਜਨੀਤਕ ਭਾਰਤ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਉਪਰੰਤ ਪ੍ਰੈੱਸ ਕਾਨਫਰੰਸ ਕਰਕੇ ਅੱਗੇ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਐੱਸ. ਕੇ. ਐੱਮ. ਗ਼ੈਰ ਰਾਜਨੀਤਕ ਭਾਰਤ ਵਿਚ ਸ਼ਾਮਲ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦੀ ਮੀਟਿੰਗ ਦਿੱਲੀ ਵਿਚ ਕਰਕੇ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਜਿਸ ਦੀ ਤਾਰੀਖ਼ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟ ਬੁੱਢਾ, ਲਖਵਿੰਦਰ ਸਿੰਘ ਔਲਖ ਹਰਿਆਣਾ, ਸੁਖਜੀਤ ਸਿੰਘ ਹਰਦੋਝੰਡੇ, ਰਾਜਿੰਦਰ ਸਿੰਘ ਚਾਹਲ ਹਰਿਆਣਾ, ਦਲਜੀਤ ਸਿੰਘ ਵਿਰਕ, ਮਨਪ੍ਰੀਤ ਸਿੰਘ ਬਾਠ, ਸੁੱਚਾ ਸਿੰਘ ਲੱਧੂਪੁਰਾ ਅਤੇ ਹਰਜੀਤ ਸਿੰਘ ਪਤਿਆਲਾ ਆਦਿ ਆਗੂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8