ਫ਼ੌਜੀ ਦੇ ਘਰ ''ਚ ਹਮਲੇ ਦੀ ਵੀਡੀਓ ਵਾਇਰਲ ਮਾਮਲੇ ''ਚ FIR ਦਰਜ

Monday, Nov 04, 2024 - 03:22 PM (IST)

ਗੁਰੂਹਰਸਹਾਏ (ਮਨਜੀਤ) : ਹਲਕਾ ਗੁਰੂਹਰਸਹਾਏ ਦੇ ਪਿੰਡ ਕੁੱਤਬਗੜ੍ਹ ਭਾਟਾ ਤੋਂ ਭਾਰਤੀ ਫ਼ੌਜ ਦੇ ਜਵਾਨ ਦੇ ਘਰ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਤੇ ਘਟਨਾ ’ਚ ਜ਼ਖਮੀ ਫ਼ੌਜੀ ਦੀ ਪਤਨੀ ਦੇ ਬਿਆਨਾਂ ’ਤੇ ਪੁਲਸ ਨੇ 8 ਵਿਅਕਤੀਆਂ ਅਤੇ ਔਰਤਾਂ ਸਣੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ’ਚ ਜ਼ਖਮੀ ਔਰਤ ਪਰਮਜੀਤ ਕੌਰ ਪਤਨੀ ਛਿੰਦਰ ਸਿੰਘ ਵਾਸੀ ਕੁੱਤਬਗੜ੍ਹ ਭਾਟਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰਾ ਪਤੀ ਭਾਰਤੀ ਫ਼ੌਜ ’ਚ ਜੰਮੂ ਵਿਖੇ ਨੌਕਰੀ ਕਰਦਾ ਹੈ ਅਤੇ 19 ਅਕਤੂਬਰ ਨੂੰ ਛੁੱਟੀ ’ਤੇ ਘਰ ਆਇਆ ਹੋਇਆ ਸੀ।

ਔਰਤ ਨੇ ਅੱਗੇ ਦੱਸਿਆ ਕਿ ਬੀਤੀ 30 ਅਕਤੂਬਰ ਦੀ ਸਵੇਰ ਨੂੰ ਕਰੀਬ 10 ਵਜੇ ਮੇਰਾ ਪਤੀ ਘਰ ’ਚ ਮੌਜੂਦ ਸੀ ਤਾਂ ਜੋਗਿੰਦਰ ਸਿੰਘ, ਰਣਜੀਤ ਸਿੰਘ, ਸੁਰਜੀਤ ਕੌਰ, ਪ੍ਰਕਾਸ਼ ਕੌਰ, ਬੱਗੂ ਸਿੰਘ, ਸੰਜੀਵ ਸਿੰਘ, ਸਤੀਸ਼ ਕੌਰ, ਗੁਰਨਾਮ ਸਿੰਘ ਵਾਸੀ ਕੁੱਤਬਗੜ੍ਹ ਭਾਟਾ ਅਤੇ 2-3 ਅਣਪਛਾਤੇ ਵਿਅਕਤੀ ਮੇਨ ਗੇਟ ਖੋਲ੍ਹ ਕੇ ਘਰ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਲਲਕਾਰਾ ਮਾਰਿਆ ਕਿ ਇਨ੍ਹਾਂ ਨੇ ਪੰਚਾਇਤੀ ਚੋਣਾਂ ’ਚ ਵਿਰੋਧੀ ਪਾਰਟੀ ਦੀ ਮਦਦ ਕੀਤੀ ਹੈ। ਇਸ ਤੋਂ ਬਾਅਦ ਉਹ ਮੇਰੇ ਪਤੀ ਛਿੰਦਰ ਸਿੰਘ ਨੂੰ ਮਾਰਨ ਲਈ ਅੱਗੇ ਵੱਧੇ ਤਾਂ ਮੈ ਬਚਾਉਣ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਮੇਰੇ ’ਤੇ ਵੀ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਹਮਲੇ ’ਚ ਸ਼ਾਮਲ ਲੋਕ ਐੱਲ. ਸੀ. ਡੀ. ਰਸੀਵਰ ਤੇ ਮੋਬਾਇਲ ਫੋਨ ਵੀ ਚੁੱਕ ਕੇ ਨਾਲ ਲੈ ਗਏ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਜਖ਼ਮੀ ਹਾਲਤ ’ਚ ਦਾਖ਼ਲ ਕਰਵਾਇਆ ਗਿਆ, ਜਿਸ 'ਤੇ ਪੁਲਸ ਨੇ ਜ਼ਖ਼ਮੀ ਔਰਤ ਦੇ ਬਿਆਨ ਦਰਜ ਕਰਕੇ ਉਪਰੋਕਤ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਐੱਸ. ਐੱਚ. ੳ. ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਛਿੰਦਰ ਸਿੰਘ ਫ਼ੌਜੀ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦਾ ਪਿਤਾ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਪਿੰਡ ਕੁੱਤਬਗੜ੍ਹ ਭਾਟਾ ਦੀ ਵੀਡੀਓ ਵਾਇਰਲ ਮਾਮਲੇ ’ਚ ਨਾਮਜ਼ਦ ਮੈਂਬਰ ਬੱਗੂ ਸਿੰਘ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਦੱਸਿਆ ਕਿ ਫ਼ੌਜੀ ਅਤੇ ਉਸ ਦੇ ਪਿਤਾ ਦਾ ਜ਼ਮੀਨੀ ਝਗੜਾ ਚੱਲ ਰਿਹਾ ਹੈ ਅਤੇ ਉਸ ਦਾ ਪਿਤਾ ਨਵੀਂ ਬਣੀ ਪੰਚਾਇਤ ਕੋਲ ਆਇਆ ਸੀ ਕਿ ਸਾਡਾ ਰਾਜ਼ੀਨਾਮਾ ਕਰਵਾ ਦਿਓ ਤਾਂ ਉਹ ਇਸ ਗੱਲ ਨੂੰ ਲੈ ਕੇ ਫ਼ੌਜੀ ਤੇ ਉਸ ਦੀ ਪਤਨੀ ਨੂੰ ਸਮਝਾਉਣ ਦੇ ਲਈ ਗਏ ਸਨ ਪਰ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀ ਕੀਤੀ ਅਤੇ ਸਾਡੇ ਖ਼ਿਲਾਫ਼ ਸ਼ਰਾਰਤੀ ਅਨਸਰਾਂ ਦੇ ਵੱਲੋਂ ਪਾਰਟੀਬਾਜ਼ੀ ਦੇ ਚੱਲਦਿਆਂ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜੋ ਕਿ ਸਰਾਸਰ ਝੂਠਾ ਹੈ।


Babita

Content Editor

Related News