ਪਿਓ-ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ''ਚ 8 ਵਿਅਕਤੀਆਂ ਖਿਲਾਫ ਮਾਮਲਾ ਦਰਜ

Monday, Dec 04, 2017 - 04:47 PM (IST)

ਪਿਓ-ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ ''ਚ 8 ਵਿਅਕਤੀਆਂ ਖਿਲਾਫ ਮਾਮਲਾ ਦਰਜ


ਫਾਜ਼ਿਲਕਾ (ਨਾਗਪਾਲ, ਲੀਲਾਧਰ) - ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਸ਼ਤੀਰ ਵਾਲਾ ਦੇ ਨੇੜੇ ਕੁੱਟ-ਮਾਰ ਕਰ ਕੇ ਪਿਤਾ-ਪੁੱਤਰ ਨੂੰ ਜ਼ਖ਼ਮੀ ਕਰਨ ਸਬੰਧੀ 2 ਜਾਣ-ਪਹਿਚਾਣ ਅਤੇ 8 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨ ਵਿਚ ਸੰਜੇ ਕੁਮਾਰ ਵਾਸੀ ਪਿੰਡ ਲੱਖੇਵਾਲੀ ਢਾਬ ਨੇ ਦੱਸਿਆ ਕਿ ਉਸ ਦੀ ਨੇੜਲੇ ਪਿੰਡ ਸ਼ਤੀਰ ਵਾਲਾ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਉਨ੍ਹਾਂ ਦਾ ਪਿੰਡ ਸ਼ਤੀਰ ਵਾਲਾ ਵਾਸੀ ਰਾਜਵੀਰ ਸਿੰਘ ਅਤੇ ਮਿੱਠੂ ਸਿੰਘ ਦੇ ਨਾਲ ਲਗਭਗ ਤਿੰਨ ਸਾਲ ਪਹਿਲਾਂ ਝਗੜਾ ਹੋਇਆ ਸੀ, ਜਿਸ ਦਾ ਪੰਚਾਇਤ ਨੇ ਰਾਜ਼ੀਨਾਮਾ ਵੀ ਕਰਵਾ ਦਿੱਤਾ ਸੀ। 30 ਨਵੰਬਰ 2017 ਦੀ ਰਾਤ ਨੂੰ ਲਗਭਗ 9:00 ਵਜੇ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਪਿਤਾ ਸੁਰਿੰਦਰ ਪਾਲ ਨਾਲ ਮੋਟਰਸਾਈਕਲ 'ਤੇ ਪਿੰਡ ਲੱਖੇਵਾਲੀ ਢਾਬ ਵਿਚ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਸ਼ਤੀਰ ਵਾਲਾ ਦੇ ਬਾਹਰ ਕੁਝ ਵਿਅਕਤੀਆਂ ਨੇ ਰਸਤੇ ਨੂੰ ਬੰਦ ਕੀਤਾ ਹੋਇਆ ਸੀ। ਜਦੋਂ ਉਹ ਅੱਗੇ ਜਾਣ ਲਈ ਆਪਣੇ ਮੋਟਰਸਾਈਕਲ ਨੂੰ ਇਕ ਪਾਸੇ ਮੋੜਨ ਲੱਗਿਆ ਤਾਂ ਉਥੇ ਹਾਜ਼ਰ ਰਾਜਵੀਰ ਸਿੰਘ ਅਤੇ ਮਿੱਠੂ ਸਿੰਘ ਵਾਸੀ ਪਿੰਡ ਸ਼ਤੀਰ ਵਾਲਾ ਅਤੇ 8 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਗਲੇ ਇਲਾਜ ਲਈ ਫਰੀਦਕੋਟ ਭੇਜ ਦਿੱਤਾ ਗਿਆ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਰਾਜਵੀਰ ਸਿੰਘ, ਮਿੱਠੂ ਸਿੰਘ ਅਤੇ 8 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News