2 ਸਾਲ ਪਹਿਲਾਂ ਹੋਏ ਝਗੜੇ ਦੀ ਰੰਜਿਸ਼ ''ਚ ਕੀਤੀ ਕੁੱਟਮਾਰ, 16 ਖ਼ਿਲਾਫ਼ ਪਰਚਾ ਦਰਜ
Tuesday, Dec 23, 2025 - 03:33 PM (IST)
ਫਿਰੋਜ਼ਪੁਰ (ਮਲਹੋਤਰਾ) : ਗਲੀ 'ਚ ਪਾਣੀ ਦੀ ਨਿਕਾਸੀ ਨੂੰ ਲੈ ਕੇ 2 ਸਾਲ ਪਹਿਲਾਂ ਹੋਏ ਝਗੜੇ ਦੀ ਰੰਜਿਸ਼ ਕਾਰਨ ਇੱਕ ਧਿਰ ਦੇ ਲੋਕਾਂ ਨੇ ਦੂਜੀ ਧਿਰ ਦੇ ਵਿਅਕਤੀ ਨਾਲ ਕੁੱਟਮਾਰ ਕੀਤੀ। ਮਾਮਲਾ ਪਿੰਡ ਨਿਜ਼ਾਮਵਾਲਾ ਦਾ ਹੈ। ਥਾਣਾ ਆਰਫਕੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਗਲੀ 'ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਨ੍ਹਾਂ ਦਾ ਜੱਗਾ ਦੇ ਪਰਿਵਾਰ ਦੇ ਨਾਲ ਝਗੜਾ ਹੋਇਆ ਸੀ, ਜੋ ਬਾਅਦ ਵਿਚ ਪੰਚਾਇਤੀ ਤੌਰ 'ਤੇ ਨਿਪਟਾ ਦਿੱਤਾ ਗਿਆ ਸੀ।
ਉਸ ਨੇ ਦੋਸ਼ ਲਗਾਏ ਕਿ ਉਕਤ ਘਟਨਾ ਤੋਂ ਬਾਅਦ ਜੱਗਾ ਅਤੇ ਉਸਦਾ ਪਰਿਵਾਰ ਉਸ ਦੇ ਨਾਲ ਰੰਜਿਸ਼ ਰੱਖਦੇ ਆ ਰਹੇ ਹਨ, ਜਿਸ ਕਾਰਨ ਜੱਗਾ, ਉਸਦੇ ਮੁੰਡਿਆਂ ਆਕਾਸ਼ਦੀਪ, ਵੰਸ਼, ਸਾਥੀਆਂ ਰਾਹੁਲ, ਪਰਮਿੰਦਰ, ਹਰਜਿੰਦਰ ਅਤੇ 10 ਅਣਪਛਾਤੇ ਲੋਕਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਥਾਣਾ ਆਰਿਫਕੇ ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
