ਕੁੜੀ ਨੇ ਕੈਨਡਾ ਜਾਣ ਮਗਰੋਂ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਮਾਮਲਾ ਦਰਜ
Tuesday, Dec 23, 2025 - 11:58 AM (IST)
ਜਲਾਲਾਬਾਦ (ਆਦਰਸ਼, ਜਤਿੰਦਰ) : ਪੰਜਾਬ ਦੇ ਮੁੰਡੇ-ਕੁੜੀਆਂ 'ਚ ਵਿਦੇਸ਼ਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ ਪਰ ਵਿਦੇਸ਼ ਜਾਂਦੇ ਸਾਰ ਹੀ ਕਈ ਲੋਕ ਆਪਣਾ ਰੰਗ ਬਦਲ ਲੈਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਚੱਕ ਦੁਮਾਲ ਵਾਲਾ 'ਚ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨਾਲ ਮੰਗਣੀ ਹੋਣ ਮਗਰੋਂ ਕੁੜੀ ਨੇ ਕੈਨੇਡਾ ਜਾ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੀੜਤ ਮੁੰਡੇ ਦੇ ਪਿਤਾ ਵੱਲੋਂ ਥਾਣਾ ਵੈਰੋਕਾ ਦੀ ਪੁਲਸ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਕੁੜੀ ਸਣੇ ਚਾਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਅਮੀਰ ਖਾਸ ਦੇ ਜਾਂਚ ਅਧਿਕਾਰੀ ਸਵਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਕੌਰ ਪੁੱਤਰ ਜਗਜੀਤ ਸਿੰਘ ਵਾਸੀ ਪੰਨੀ ਵਾਲਾ ਜ਼ਿਲ੍ਹਾ ਡੱਬਵਾਲੀ ਦੀ ਮੰਗਣੀ ਜਸਵੀਰ ਸਿੰਘ ਦੇ ਪੁੱਤਰ ਦਲਜੀਤ ਸਿੰਘ ਨਾਲ ਹੋਈ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਕੁੜੀ ਸੰਦੀਪ ਕੌਰ ਨੇ ਕੈਨੇਡਾ ਜਾਣਾ ਸੀ ਅਤੇ ਪੈਸੇ ਮੁੱਦਈ ਨੇ ਭਰੇ ਸਨ। ਜਾਂਚ ਅਧਿਕਾਰੀ ਨੇ ਕਿਹਾ ਕਿ ਕੁੜੀ ਨੇ ਕੈਨੇਡਾ ਜਾਣ ਤੋਂ ਬਾਅਦ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਦਿੱਤਾ ਅਤੇ ਪੈਸੇ ਮੋੜਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਕੁੜੀ ਸੰਦੀਪ ਕੌਰ ਪੁੱਤਰੀ ਜਗਜੀਤ ਸਿੰਘ, ਬਲਕਰਨ ਸਿੰਘ ਊਰਫ਼ ਭੱਪਾ ਪੁੱਤਰ ਨਾਮਦੇਵ ਵਾਸੀਆਨ ਪੰਨੀਵਾਲਾ ਜ਼ਿਲ੍ਹਾ ਡੱਬਵਾਲੀ, ਜਗਜੀਤ ਸਿੰਘ ਪੁੱਤਰ ਰੇਸ਼ਮ ਸਿੰਘ, ਅਤੇ ਜੁਗਰਾਜ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਆਨ ਕਿਸ਼ਨਪੁਰਾ ਕੁੱਟੀ ਜ਼ਿਲ੍ਹਾ ਬਠਿੰਡਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
