ਨਸ਼ੇ ਨੇ ਪਾਣੀਓਂ ਪਤਲੇ ਕੀਤੇ ਰਿਸ਼ਤੇ, ਪਿਓ ਨੇ ਚੰਦ ਰੁਪਇਆਂ ’ਚ ਵੇਚੀ ਨਾਬਾਲਗ ਧੀ

Thursday, Aug 25, 2022 - 01:33 AM (IST)

ਨਸ਼ੇ ਨੇ ਪਾਣੀਓਂ ਪਤਲੇ ਕੀਤੇ ਰਿਸ਼ਤੇ, ਪਿਓ ਨੇ ਚੰਦ ਰੁਪਇਆਂ ’ਚ ਵੇਚੀ ਨਾਬਾਲਗ ਧੀ

ਲੁਧਿਆਣਾ (ਰਾਜ) : ਨਸ਼ਾ ਇਨਸਾਨੀ ਜ਼ਿੰਦਗੀਆਂ ਲਈ ਇੰਨਾ ਘਾਤਕ ਬਣਦਾ ਜਾ ਰਿਹਾ ਹੈ ਕਿ ਲੋਕ ਨਸ਼ੇ ’ਚ ਗਰਕ ਹੋ ਕੇ ਆਪਣੇ ਰਿਸ਼ਤੇ ਹੀ ਭੁੱਲ ਰਹੇ ਹਨ। ਇਕ ਪਿਤਾ ਨੇ ਨਸ਼ੇ ਲਈ ਆਪਣੀ ਨਾਬਾਲਗ ਬੇਟੀ ਨੂੰ ਹੀ ਵੇਚ ਦਿੱਤਾ। ਉਸ ਨੇ ਇਸ ਦਾ ਐਗਰੀਮੈਂਟ ਵੀ ਬਣਵਾਇਆ। ਬੇਟੀ ਅਤੇ ਪਤਨੀ ਤੋਂ ਸਾਈਨ ਕਰਵਾਉਂਦੇ ਸਮੇਂ ਕਿਹਾ ਕਿ ਉਹ ਬੇਟੀ ਨੂੰ ਆਰਕੈਸਟਰਾ ’ਤੇ ਕੰਮ ਕਰਨ ਲਈ ਭੇਜ ਰਿਹਾ ਹੈ ਪਰ ਨਾਬਾਲਗਾ ਨੇ ਐਗਰੀਮੈਂਟ ਪੜ੍ਹ ਲਿਆ ਤਾਂ ਸਾਰਾ ਭੇਤ ਖੁੱਲ੍ਹ ਗਿਆ ਕਿ ਉਸ ਨੂੰ ਪਿਤਾ ਨੇ ਜਿਸਮਫਰੋਸ਼ੀ ਲਈ ਵੇਚ ਦਿੱਤਾ ਹੈ, ਜਿਸ ਤੋਂ ਬਾਅਦ ਨਾਬਾਲਗਾ ਦੀ ਭੈਣ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਨਾਬਾਲਗਾ ਦੀ ਭੈਣ ਦੀ ਸ਼ਿਕਾਇਤ ’ਤੇ ਉਸ ਦੇ ਪਿਤਾ ਰੌਸ਼ਨ ਮਸੀਹ, ਸੰਨੀ ਕੁਮਾਰ ਅਤੇ ਜਮਾਲਪੁਰ ਸਰਪੰਚ ਕਾਲੋਨੀ ਦੇ ਰਹਿਣ ਵਾਲੇ ਮਨ ਬਹਾਦਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤਾ ਦੀ ਭੈਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਿਤਾ ਨਸ਼ੇੜੀ ਹਨ ਅਤੇ ਉਸ ਦੀ ਭੈਣ ਨੂੰ ਕੰਮ ’ਤੇ ਲਗਾਉਣਾ ਚਾਹੁੰਦੇ ਸਨ। ਉਸ ਦੇ ਪਿਤਾ ਨੇ ਉਸ ਦੀ ਨਾਬਾਲਗ ਭੈਣ ਨੂੰ ਮਨ ਬਹਾਦਰ ਕੋਲ ਛੱਡ ਦਿੱਤਾ ਅਤੇ ਇਕ ਐਗਰੀਮੈਂਟ ਕਰ ਲਿਆ। ਜਦੋਂ ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਸਮਫਰੋਸ਼ੀ ਦੇ ਧੰਦੇ ਲਈ ਉਸ ਦੇ ਪਿਤਾ ਨੇ ਕੁਝ ਪੈਸਿਆਂ ਦੇ ਲਾਲਚ ’ਚ ਭੈਣ ਨੂੰ ਵੇਚ ਦਿੱਤਾ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਪੁੱਤ ਨਾਲ ਮੋਟਰਸਾਈਕਲ 'ਤੇ ਜਾ ਰਹੀ ਮਾਂ ਦੀਆਂ ਝਪਟੀਆਂ ਵਾਲੀਆਂ, ਡਿੱਗਣ ਨਾਲ ਹੋਈ ਮੌਤ

ਮੁਲਜ਼ਮ ਪਿਤਾ ਨੇ ਬੇਟੀ ਨੂੰ ਵੇਚਣ ਦਾ 3 ਸਾਲ ਦਾ ਐਗਰੀਮੈਂਟ ਵੀ ਸਾਈਨ ਕਰ ਦਿੱਤਾ ਕਿ ਉਸ ਨੂੰ 3 ਸਾਲ ਤੱਕ ਬੇਟੀ ਨੂੰ ਨਹੀਂ ਮਿਲਣ ਦਿੱਤਾ ਜਾਵੇਗਾ ਤੇ ਨਾ ਹੀ ਬੇਟੀ ਨੂੰ ਵਾਪਸ ਭੇਜਿਆ ਜਾਵੇਗਾ। ਇਸ ਦੇ ਤਹਿਤ ਉਹ ਉਨ੍ਹਾਂ ਨੂੰ 10 ਹਜ਼ਾਰ ਰੁਪਏ ਮਹੀਨਾ ਅਤੇ 500 ਰੁਪਏ ਇਕ ਪ੍ਰੋਗਰਾਮ ਦੇ ਦੇਵੇਗਾ। ਮੁਲਜ਼ਮ ਨੇ ਐਡਵਾਂਸ ’ਚ 10 ਹਜ਼ਾਰ ਰੁਪਏ ਦੇ ਦਿੱਤੇ, ਜਦੋਂਕਿ ਦਿਖਾਵੇ ਲਈ ਐਗਰੀਮੈਂਟ ’ਤੇ ਆਰਕੈਸਟਰਾ ਦਾ ਕੰਮ ਲਿਖਿਆ ਹੋਇਆ ਸੀ। ਪੀੜਤਾ ਦੀ ਭੈਣ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਲੱਗਾ ਕਿ ਇਹ ਲੋਕ ਨਾਬਾਲਗ ਲੜਕੀਆਂ ਨੂੰ ਵੇਚ ਦਿੰਦੇ ਹਨ, ਜਿੱਥੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਏ.ਐੱਸ.ਆਈ. ਰਣਧੀਰ ਸਿੰਘ ਨੇ ਕਿਹਾ ਕਿ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮਨ ਬਹਾਦਰ ਬਿਹਾਰ ’ਚ ਰਹਿਣ ਵਾਲੇ ਕਰਨ ਯਾਦਵ ਨਾਂ ਦੇ ਵਿਅਕਤੀ ਲਈ ਲੜਕੀਆਂ ਨੂੰ ਇੱਥੋਂ ਲਿਜਾ ਕੇ ਉਥੇ ਵੇਚ ਦਿੰਦਾ ਹੈ। ਅਗਲੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News