ਪੰਜਾਬ ਦੇ ਪਿੰਡ ਫਤਿਹਗੜ੍ਹ ਭਾਦਸੋਂ ''ਚ ਦਹਿਸ਼ਤ, ਦਰਜਨ ਦੇ ਕਰੀਬ ਲੋਕ ਹੋਏ ਜ਼ਖਮੀ
Sunday, Dec 01, 2024 - 06:05 PM (IST)
ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਵਿਖੇ ਅੱਜ ਇਕ ਜੰਗਲੀ ਸੂਰ ਵੱਲੋਂ ਮਚਾਏ ਆਤੰਕ ਕਾਰਨ ਪੂਰੇ ਪਿੰਡ ’ਚ ਦਹਿਸ਼ਤ ਫੈਲ ਗਈ। ਜੰਗਲੀ ਸੂਰ ਵੱਲੋਂ ਬਜ਼ੁਰਗ ਪਤੀ-ਪਤਨੀ ਸਮੇਤ ਕਰੀਬ ਦਰਜਨ ਪਿੰਡ ਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਗੰਭੀਰ ਰੂਪ ’ਚ ਜ਼ਖਮੀ ਹੋਏ ਬਜ਼ੁਰਗ ਛੋਟਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਭਾਦਸੋਂ ਦੇ ਪੁੱਤਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਵਿਖੇ ਖੇਤਾਂ ’ਚ ਹੈ ਤੇ ਅੱਜ ਬਾਅਦ ਦੁਪਹਿਰ ਜਦੋਂ ਉਸ ਦਾ ਪਿਤਾ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਖੇਤਾਂ ਵਾਲੀ ਸਾਈਡ ਤੋਂ ਆਏ ਇਕ ਜੰਗਲੀ ਸੂਰ ਨੇ ਅਚਾਨਕ ਉਸ ਦੇ ਪਿਤਾ ’ਤੇ ਝਪੱਟਾ ਮਾਰ ਦਿੱਤਾ ਤੇ ਆਪਣੇ ਤੇਜ਼ਧਾਰ ਦੰਦਾਂ ਨਾਲ ਸਰੀਰ ਉਪਰ ਵੱਖ-ਵੱਖ ਥਾਵਾਂ ਉਪਰ ਬੁਰਕ ਮਾਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੀ ਮਾਤਾ ਜਸਵਿੰਦਰ ਕੌਰ ਚੀਕ ਚਿਹਾੜਾ ਸੁਣ ਕੇ ਘਰੋਂ ਬਾਹਰ ਆਈ ਤਾਂ ਜੰਗਲੀ ਸੂਰ ਨੇ ਉਸ 'ਤੇ ਵੀ ਧਾਵਾ ਬੋਲ ਦਿੱਤਾ।