ਕਿਸਾਨ ਖੁਦਕੁਸ਼ੀਆਂ ਦੇ ਕਾਰਨ ਸਰਕਾਰ ਤੋਂ ਉੱਠ ਰਿਹਾ ਭਰੋਸਾ

07/26/2017 5:59:04 AM

ਚੰਡੀਗੜ੍ਹ  (ਭੁੱਲਰ) - ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ 'ਚ ਦੇਰੀ ਅਤੇ ਵਾਅਦਾ-ਖਿਲਾਫੀ ਕਾਰਨ ਸਰਕਾਰ ਤੋਂ ਉਠ ਰਿਹਾ ਵਿਸ਼ਵਾਸ ਹੈ। ਅੱਜ ਇਥੇ ਜਾਰੀ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਵਿਚ ਕਰਜ਼ੇ ਦੇ ਦਬਾਅ ਕਾਰਨ ਪਹਿਲਾਂ ਹੀ ਨਿਰਾਸ਼ਾ ਸੀ ਪਰ ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲਗਾਤਾਰ ਕਿਸਾਨਾਂ ਦੀਆਂ ਆਲੂ, ਮੱਕੀ, ਸੂਰਜਮੁਖੀ, ਸਬਜ਼ੀਆਂ ਆਦਿ ਫਸਲਾਂ ਮੰਡੀਆਂ ਵਿਚ ਰੁਲ ਗਈਆਂ ਹਨ, ਕਿਤੇ ਵੀ ਕਿਸਾਨਾਂ ਨੂੰ ਖਰਚੇ ਪੂਰੇ ਕਰਨ ਜੋਗਾ ਵੀ ਭਾਅ ਨਹੀਂ ਮਿਲਿਆ।
ਰਾਜੇਵਾਲ ਨੇ ਕਿਹਾ ਕਿ ਪਰ ਪੰਜਾਬ ਸਰਕਾਰ ਕਦੀ ਵੀ ਕਿਸਾਨਾਂ ਦੀ ਬਾਂਹ ਫੜਨ ਲਈ ਨਹੀਂ ਬਹੁੜੀ। ਜੇ ਸਰਕਾਰ ਕਿਸਾਨਾਂ ਪ੍ਰਤੀ ਈਮਾਨਦਾਰ ਹੁੰਦੀ ਤਾਂ ਕੇਦਰ ਦੀ ਏਜੰਸੀ ਨੈਫੇਡ ਤੱਕ ਪਹੁੰਚ ਕਰ ਕੇ ਇਹ ਫਸਲਾਂ ਹਰਿਆਣਾ ਵਾਂਗ ਮਿੱਥੇ ਸਮਰਥਨ ਮੁੱਲ ਉੱਤੇ ਖਰੀਦ ਕਰ ਕੇ ਕਿਸਾਨਾਂ ਨੂੰ ਰਾਹਤ ਦੇ ਸਕਦੀ ਸੀ ਅਤੇ ਉਨ੍ਹਾਂ ਵਿਚ ਭਰੋਸਾ ਪੈਦਾ ਕਰ ਸਕਦੀ ਸੀ, ਜਿਸ ਵਿਚ ਕੈਪਟਨ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਜ਼ਿਲਾ ਅੰਮ੍ਰਿਤਸਰ ਦੇ ਪਿੰਡ ਤੇੜਾ ਕਲਾਂ ਦੇ ਕਿਸਾਨ ਮੇਜਰ ਸਿੰਘ ਦੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਉਨ੍ਹਾਂ ਰਾਜ ਸਰਕਾਰ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।


Related News