ਭਿਆਨਕ ਗਰਮੀ ਕਾਰਨ ਹਰੀਆਂ ਸਬਜ਼ੀਆਂ ਦਾ ਉਤਪਾਦਨ ਹੋਇਆ ਪ੍ਰਭਾਵਿਤ, ਸਰਕਾਰ ਨੇ ਖਰੀਦਿਆ 71,000 ਟਨ ਪਿਆਜ਼

Sunday, Jun 23, 2024 - 11:18 AM (IST)

ਭਿਆਨਕ ਗਰਮੀ ਕਾਰਨ ਹਰੀਆਂ ਸਬਜ਼ੀਆਂ ਦਾ ਉਤਪਾਦਨ ਹੋਇਆ ਪ੍ਰਭਾਵਿਤ, ਸਰਕਾਰ ਨੇ ਖਰੀਦਿਆ 71,000 ਟਨ ਪਿਆਜ਼

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਇਸ ਸਾਲ ਹੁਣ ਤੱਕ ਸੁਰੱਖਿਅਤ ਭੰਡਾਰ (ਬਫਰ ਸਟਾਕ) ਲਈ ਲੱਗਭਗ 71,000 ਟਨ ਪਿਆਜ਼ ਖਰੀਦਿਆ ਹੈ। ਇਹ ਮੁੱਲ ਸਥਿਰੀਕਰਨ ਲਈ 5 ਲੱਖ ਟਨ ਖਰੀਦ ਦੇ ਕੁਲ ਟੀਚੇ ’ਚ ਸ਼ਾਮਲ ਹੈ। ਸਰਕਾਰ ਨੂੰ ਉਮੀਦ ਹੈ ਕਿ ਦੇਸ਼ ਦੇ ਸਾਰੇ ਹਿੱਸਿਆਂ ’ਚ ਮਾਨਸੂਨ ਦੇ ਆਉਣ ਨਾਲ ਪ੍ਰਚੂਨ ਕੀਮਤਾਂ ’ਚ ਕਮੀ ਆਵੇਗੀ।

ਖਪਤਕਾਰ ਮਾਮਲਿਆਂ ਬਾਰੇ ਵਿਭਾਗ ਵੱਲੋਂ ਜੁਟਾਏ ਗਏ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਨੂੰ ਪੂਰੇ ਦੇਸ਼ ’ਚ ਔਸਤ ਪਿਆਜ਼ ਪ੍ਰਚੂਨ ਕੀਮਤ 38.67 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ, ਜਦੋਂ ਕਿ ਮਾਡਲ ਕੀਮਤ 40 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ।

ਸਰਕਾਰ ਨੇ ਪਿਛਲੇ ਸਾਲ ਇਸੇ ਮਿਆਦ ’ਚ ਖਰੀਦਿਆ ਸੀ 74,071 ਟਨ ਪਿਆਜ਼

ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਜੂਨ ਤੱਕ ਕੇਂਦਰ ਨੇ 70,987 ਟਨ ਪਿਆਜ਼ ਖਰੀਦਿਆ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ 74,071 ਟਨ ਪਿਆਜ਼ ਖਰੀਦਿਆ ਗਿਆ ਸੀ। ਅਧਿਕਾਰੀ ਨੇ ਕਿਹਾ ਇਸ ਸਾਲ ਮੁੱਲ ਸਥਿਰੀਕਰਨ ਬਫਰ ਲਈ ਪਿਆਜ਼ ਖਰੀਦ ਦੀ ਰਫ਼ਤਾਰ ਪਿਛਲੇ ਸਾਲ ਦੇ ਬਰਾਬਰ ਹੈ। ਹਾਲਾਂਕਿ, ਹਾੜੀ ਉਤਪਾਦਨ ’ਚ ਲੱਗਭਗ 20 ਫ਼ੀਸਦੀ ਦੀ ਗਿਰਾਵਟ ਆਈ ਹੈ।

ਸਭ ਤੋਂ ਜ਼ਿਆਦਾ ਪਿਆਜ਼ ਦਾ ਉਤਪਾਦਨ ਮਹਾਰਾਸ਼ਟਰ ’ਚ ਹੁੰਦਾ ਹੈ।

5 ਲੱਖ ਟਨ ਦੀ ਖਰੀਦ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਸਰਕਾਰ

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਮੁੱਲ ਸਥਿਰੀਕਰਨ ਲਈ 5 ਲੱਖ ਟਨ ਦੀ ਖਰੀਦ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ। ਪਿਆਜ਼ ਦੀਆਂ ਕੀਮਤਾਂ ’ਚ ਸਥਿਰਤਾ ਬਣਾਈ ਰੱਖਣ ਲਈ ਸਰਕਾਰ ਬਫਰ ਸਟਾਕ ’ਚੋਂ ਪਿਆਜ਼ ਨੂੰ ਰੋਕਣ ਜਾਂ ਜਾਰੀ ਕਰਨ ਦਾ ਬਦਲ ਅਪਨਾਏਗੀ। ਪਿਆਜ਼ ਦਾ ਖਰੀਦ ਮੁੱਲ ਬਦਲਦਾ ਰਹਿੰਦਾ ਹੈ, ਜੋ ਮੌਜੂਦਾ ਬਾਜ਼ਾਰ ਮੁੱਲ ਨਾਲ ਜੁੜਿਆ ਹੁੰਦਾ ਹੈ।

ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਪੜਾਅਬੱਧ ਤਰੀਕੇ ਨਾਲ ਉਠਾ ਰਹੀ ਕਦਮ

ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਪਿਛਲੇ ਸਾਲ ਅਗਸਤ ਤੋਂ ਪੜਾਅਬੱਧ ਤਰੀਕੇ ਨਾਲ ਕਦਮ ਉਠਾ ਰਹੀ ਹੈ। ਜਿਸ ਦੀ ਸ਼ੁਰੂਆਤ 40 ਫੀਸਦੀ ਐਕਸਪੋਰਟ ਡਿਊਟੀ ਨਾਲ ਹੋਈ। ਇਸ ਤੋਂ ਬਾਅਦ ਅਕਤੂਬਰ 2024 ’ਚ ਘੱਟੋ-ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਨੂੰ 800 ਡਾਲਰ ਪ੍ਰਤੀ ਟਨ ਕੀਤਾ ਗਿਆ।

ਉੱਥੇ ਹੀ, 8 ਦਸੰਬਰ 2023 ਤੋਂ ਪਿਆਜ਼ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਗਈ ਸੀ। ਇਨ੍ਹਾਂ ਉਪਰਾਲਿਆਂ ਨਾਲ ਪਿਆਜ਼ ਦੀ ਘਰੇਲੂ ਉਪਲੱਬਧਤਾ ਨੂੰ ਸਥਿਰ ਕੀਮਤਾਂ ’ਤੇ ਬਣਾਈ ਰੱਖਣ ’ਚ ਮਦਦ ਮਿਲੀ ਹੈ।

ਮਹਾਰਾਸ਼ਟਰ ’ਚ ਲਾਸਲਗਾਓਂ ਵਰਗੀਆਂ ਪ੍ਰਮੁੱਖ ਮੰਡੀਆਂ ’ਚ ਲੋੜੀਂਦੀ ਸਥਿਰਤਾ ਅਤੇ ਇਸ ਸਾਲ ਸਾਧਾਰਣ ਤੋਂ ਜ਼ਿਆਦਾ ਮਾਨਸੂਨ ਦੀ ਭਵਿੱਖਵਾਣੀ ਦੇ ਆਧਾਰ ’ਤੇ ਚੰਗੇ ਸਾਉਣੀ ਉਤਪਾਦਨ ਦੀ ਸੰਭਾਵਨਾ ਨੂੰ ਵੇਖਦੇ ਹੋਏ 4 ਮਈ 2024 ਤੋਂ ਪਿਆਜ਼ ਦੀ ਬਰਾਮਦ ’ਤੇ ਰੋਕ ਹਟਾ ਲਈ ਗਈ ਸੀ ਅਤੇ 550 ਡਾਲਰ ਪ੍ਰਤੀ ਟਨ ਐੱਮ. ਈ. ਪੀ. ਅਤੇ 40 ਫੀਸਦੀ ਐਕਸਪੋਰਟ ਡਿਊਟੀ ਲਾਈ ਗਈ ਸੀ।

ਭਿਆਨਕ ਗਰਮੀ ਕਾਰਨ ਹਰੀਆਂ ਸਬਜ਼ੀਆਂ ਦਾ ਉਤਪਾਦਨ ਹੋਇਆ ਪ੍ਰਭਾਵਿਤ

ਅਧਿਕਾਰੀ ਨੇ ਕਿਹਾ, ‘‘ਦੇਸ਼ ਦੇ ਵੱਡੇ ਹਿੱਸੇ ’ਚ ਲੰਬੇ ਸਮੇਂ ਤੋਂ ਜਾਰੀ ਭਿਆਨਕ ਗਰਮੀ ਕਾਰਨ ਹਰੀਆਂ ਸਬਜ਼ੀਆਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਟਮਾਟਰ, ਆਲੂ ਅਤੇ ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ।’’

ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਮਾਨਸੂਨ ਦੇ ਆਉਣ ਨਾਲ ਸਥਿਤੀ ’ਚ ਸੁਧਾਰ ਹੋਣ ਦੀ ਉਮੀਦ ਹੈ।

2023-24 ’ਚ ਪਿਆਜ਼ ਉਤਪਾਦਨ 254.73 ਲੱਖ ਟਨ ਹੋਣ ਦੀ ਉਮੀਦ

ਮਾਰਚ ’ਚ ਕੇਂਦਰੀ ਖੇਤੀਬਾੜੀ ਮੰਤਰਾਲਾ ਨੇ ਪਿਆਜ਼ ਉਤਪਾਦਨ ਦੇ ਅੰਕੜੇ ਜਾਰੀ ਕੀਤੇ ਸਨ। ਅੰਕੜਿਆਂ ਅਨੁਸਾਰ, 2023-24 (ਪਹਿਲਾ ਅਗਾਊਂ ਅੰਦਾਜ਼ਾ) ’ਚ ਪਿਆਜ਼ ਉਤਪਾਦਨ ਲੱਗਭਗ 254.73 ਲੱਖ ਟਨ ਹੋਣ ਦੀ ਉਮੀਦ ਹੈ, ਜਦੋਂ ਕਿ ਪਿਛਲੇ ਸਾਲ ਲੱਗਭਗ 302.08 ਲੱਖ ਟਨ ਉਤਪਾਦਨ ਹੋਇਆ ਸੀ।

ਅੰਕੜਿਆਂ ਅਨੁਸਾਰ, ਅਜਿਹਾ ਮਹਾਰਾਸ਼ਟਰ ’ਚ 34.31 ਲੱਖ ਟਨ, ਕਰਨਾਟਕ ’ਚ 9.95 ਲੱਖ ਟਨ, ਆਂਧਰਾ ਪ੍ਰਦੇਸ਼ ’ਚ 3.54 ਲੱਖ ਟਨ ਅਤੇ ਰਾਜਸਥਾਨ ’ਚ 3.12 ਲੱਖ ਟਨ ਉਤਪਾਦਨ ’ਚ ਕਮੀ ਕਾਰਨ ਹੋਇਆ ਹੈ।


author

Harinder Kaur

Content Editor

Related News