ਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਨਾਲ ਕਿਸਾਨ ਹੋ ਸਕਦੇ ਹਨ ਮਾਲੋ-ਮਾਲ

05/30/2024 2:03:26 PM

ਪੰਜਾਬ ਵਿਚ ਬਹੁਤ ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਬਾਜ਼ਾਰ ਵਿਚੋਂ ਤਿਆਰ  ਪਨੀਰੀ ਅਤੇ ਵੇਲਾਂ ਖਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਬਾਗਬਾਨੀ ਨਾਲ ਸੰਬੰਧਤ ਬੂਟਿਆਂ ਦੀਆਂ ਕਲਮਾਂ, ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਨੀਰੀ, ਕਈ ਕਿਸਮ ਦੇ ਕੁੱਦੂ ਜਾਤੀ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਜ਼ਾਰ ਵਿਚੋਂ ਮਿਲਦੀਆਂ ਹਨ। ਇਸ ਤੋਂ ਬਿਨਾਂ ਮਿਰਚਾਂ, ਕਰੇਲੇ,ਗੋਭੀ,ਪਿਆਜ਼ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ। ਜਿਨ੍ਹਾਂ ਦੀ ਕਾਸ਼ਤ ਕਰਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ। ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤੱਕ ਪਹੁੰਚਣ ਵਾਲੀਆਂ ਵੇਲ੍ਹਾਂ ਆਮ ਹੀ ਬਾਜ਼ਾਰ ਵਿਚ ਮਿਲਦੀਆਂ ਹਨ। ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈੱਡਾਂ/ਪਲਾਸਟਿਕ ਦੀਆਂ ਸ਼ੀਟਾਂ ਆਦਿ ਹੇਠਾਂ ਸਰਦੀ ਦੇ ਮੌਸਮ ਵਿਚ ਹੀ ਉਗਾਇਆ ਜਾਂਦਾ ਹੈ, ਕਿਉਂਕਿ ਗਰਮ ਰੁੱਤ ਦੀਆਂ ਫਸਲਾਂ ਨੂੰ ਠੰਢਾ ਮੌਸਮ ਉੱਗਣ ਨਹੀ ਦਿੰਦਾ।

ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਕੇ ਸਿਆਲ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ। ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿਚ ਪੈਦਾ ਕੀਤੀਆਂ ਜਾ ਸਕਦੀਆ ਹਨ। ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿਚ ਖੀਰਾ, ਕਕੜੀ, ਤਰਬੂਜ਼, ਖਰਬੂਜਾ ਟਿੰਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸਤ ਕਰ ਸਕਦੇ ਹਨ।  ਆਮ ਤੌਰ ’ਤੇ ਕਿਸਾਨ ਸਰਦੀਆਂ ਵਿਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਅਤੇ ਪਰਾਲੀ ਬਗੈਰਾ ਦਾ ਪ੍ਰਬੰਧ ਕਰਦੇ ਹਨ। ਜਿਹੜਾ ਜ਼ਿਆਦਾ ਖਰਚ ਅਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜ਼ਿਆਦਾ ਵਧੀਆ ਨਾ ਹੋਣ ਕਰਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਅਗੇਤੀ ਫਸਲ ਲੈਣ ਦਾ ਕੋਈ ਬਹੁਤਾ ਲਾਭ ਨਹੀ ਹੁੰਦਾ। ਖੇਤੀ ਮਾਹਿਰਾਂ ਨੇ ਪਲਾਸਟਿਕ ਸ਼ੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਆਮ ਤੌਰ ’ਤੇ ਪੋਲੀਥੀਨ ਹਾਊਸ ਕਿਹਾ ਜਾਦਾ ਹੈ।  ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਅਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ। ਜਿਸ ਵਿਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਦੇ ਹਨ। 

ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿਚ ਲੋੜੀਦੀਂ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੋਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ’ਤੇ ਲਗਾ ਕੇ 40 ਮਾਈਕ੍ਰੋਨ ਦੀ ਪਾਰਦਰਸ਼ੀ ਸ਼ੀਟ ’ਤੇ ਪਾ ਦੇਣੀ ਚਾਹੀਦੀ ਹੈ। ਧਿਆਨ ਰੱਖਣਯੋਗ ਗੱਲ ਹੈ ਕਿ ਉੱਤਰ ਦਿਸ਼ਾ ਵਾਲੇ ਪਾਸਿਓਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁਝ ਦਿਨਾਂ ਬਾਅਦ ਦੱਬ ਦਿਉ। ਜ਼ਿਆਦਾਤਰ ਠੰਢੀਆਂ ਹਵਾਵਾਂ ਉਤਰ ਵਾਲੇ ਪਾਸਿਓਂ ਆਉਦੀਆਂ ਹਨ। ਜਿਸ ਕਰਕੇ ਪੋਲੋਥੀਨ ਸ਼ੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ। 
 
ਫਰਵਰੀ ਮਹੀਨੇ ਵਿਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸ਼ੀਟ ਚੁੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫੇਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ  ਮਹੀਨੇ  ਕੱਦੂ ਜਾਤੀ ਦੀਆਂ ਅਗੇਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਖੀਰਾ, ਕਕੜੀ  ਆਦਿ ਆਮ ਫਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਦੀਆਂ ਹਨ। ਜਿਸ ਕਰਕੇ ਕਿਸਾਨ ਗਰਮੀ-ਸਰਦੀ ਵਾਲੀਆਂ ਅਗੇਤੀਆਂ ਸਬਜ਼ੀਆਂ ਦੀ ਪਨੀਰੀ ਵਾਲੀਆਂ ਵੇਲਾਂ/ਪਨੀਰੀ ਆਦਿ ਵੇਚ ਸਕਦੇ ਹਨ।                    
—ਬ੍ਰਿਸ ਭਾਨ ਬੁਜਰਕ 


Shivani Bassan

Content Editor

Related News