ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਦੱਸੀ ਇਹ ਗੱਲ
Friday, May 31, 2024 - 02:18 PM (IST)
ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਇੱਕ ਨੌਜਵਾਨ ਕਿਸਾਨ ਵੱਲੋਂ ਆੜ੍ਹਤੀ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਕਿਸਾਨ ਵੱਲੋਂ ਮੌਤ ਤੋਂ ਪਹਿਲਾਂ ਇੱਕ ਲਾਈਵ ਵੀਡੀਓ ਵੀ ਬਣਾਈ ਗਈ ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਆੜ੍ਹਤੀ ਬੰਟੀ ਭਾਟੀਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਪਤੀ ਪਵਨਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਆੜ੍ਹਤੀ ਬੰਟੀ ਭਾਟੀਆ ਵਾਸੀ ਫਤਿਹਗੜ੍ਹ ਚੂੜੀਆਂ ਤੋਂ ਆਪਣੇ ਮੁੰਡੇ ਦੀ ਬਿਮਾਰੀ ਅਤੇ ਘਰੇਲੂ ਜ਼ਰੂਰਤ ਵਾਸਤੇ ਕਰੀਬ ਢਾਈ ਲੱਖ ਰੁਪਏ ਲਏ ਸਨ ਅਤੇ ਜੋ ਸਾਡੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਸਮੇਂ ਸਿਰ ਨਹੀਂ ਦਿੱਤੇ ਗਏ। ਆੜ੍ਹਤੀ ਨੇ ਵਿਆਜ ਪਾ ਕੇ ਰਕਮ ਜ਼ਿਆਦਾ ਬਣਾ ਲਈ ਅਤੇ ਸਾਡੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਅਤੇ ਉਸ ਦੇ ਬਦਲੇ ਸਾਡਾ ਟਰੈਕਟਰ 275 ਮਹਿੰਦਰਾ ਵੀ ਕਰੀਬ 6 ਮਹੀਨੇ ਪਹਿਲਾਂ ਆੜਤੀ ਲੈ ਗਿਆ ਅਤੇ ਟਰੈਕਟਰ ਲਿਜਾਣ ਦੇ ਬਾਅਦ ਵੀ ਕੋਈ ਹਿਸਾਬ ਨਹੀਂ ਕੀਤਾ ਗਿਆ। ਮੇਰੇ ਪਤੀ ਨੇ ਸਫ਼ੈਦੇ ਵੇਚ ਕੇ 1 ਲੱਖ ਰੁਪਏ ਵੀ ਦਿੱਤੇ ਸਨ।
ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ
ਬਲਵਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਆੜ੍ਹਤੀ ਬੰਟੀ ਭਾਟੀਆ ਸਾਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਤੁਸੀਂ ਪੈਸੇ ਹੋਰ ਨਾ ਦਿੱਤੇ ਤਾਂ ਜੋ ਤੁਸੀਂ ਮੈਨੂੰ ਖਾਲੀ ਚੈਕ ਦਿੱਤੇ ਹਨ ਮੈਂ ਉਸ ਉਪਰ ਵੱਧ ਰਕਮ ਭਰ ਕੇ ਤੁਹਾਡੇ ਖਿਲਾਫ ਅਦਾਲਤ ਵਿੱਚ ਕੇਸ ਕਰ ਦਿਆਂਗਾ । 28 ਮਈ ਨੂੰ ਉਕਤ ਆੜ੍ਹਤੀ ਘਰ ਆ ਕੇ ਧਮਕੀਆਂ ਦੇ ਕੇ ਗਿਆ ਸੀ ਕਿ ਮੈਂ ਤੁਹਾਡੀ ਜਾਇਦਾਦ ਲਿਖਾ ਲੈਣੀ ਹੈ ,ਜਿਸ ਕਰਕੇ ਮੇਰਾ ਪਤੀ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਕੱਲ 30 ਮਈ ਨੂੰ ਕਾਰਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸਾਹਪੁਰ ਜਾਜਨ ਨੇ ਦੱਸਿਆ ਕਿ ਪਵਨਦੀਪ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਜੋ ਝੰਗੀਆ ਮੋੜ ਡੇਰਾ ਬਾਬਾ ਨਾਨਕ ਵਿਖੇ ਪਿਆ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ
ਇਸ ਤੋਂ ਪਹਿਲਾਂ ਕਿਸਾਨ ਪਵਨਦੀਪ ਸਿੰਘ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਉਸ ਨੇ ਆੜ੍ਹਤੀ ਬੰਟੀ ਪਾਰਟੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੀ। ਪੁਲਸ ਵੱਲੋਂ ਆੜ੍ਹਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8