ਖਨੌਰੀ ਬਾਰਡਰ ''ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

Wednesday, Aug 19, 2026 - 03:10 PM (IST)

ਖਨੌਰੀ ਬਾਰਡਰ ''ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਖਨੌਰੀ : ਖਨੌਰੀ ਬਾਰਡਰ 'ਤੇ ਪਿਛਲੇ ਦਿਨਾਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਕਿਸਾਨ ਹੁਣ ਘਰ ਵਾਪਸ ਜਾ ਸਕਣਗੇ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਸੱਦਾ ਮਿਲਿਆ ਹੈ ਅਤੇ ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਹਾਲਾਂਕਿ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਸਿਰਫ ਮੋਰਚਾ ਮੁਲਤਵੀ ਹੋਇਆ ਹੈ ਅਤੇ ਕਿਸਾਨਾਂ ਦਾ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਹੈ।

ਦੱਸਣਯੋਗ ਹੈ ਕਿ ਕਿਸਾਨ 16 ਅਗਸਤ ਤੋਂ ਹੀ ਖਨੌਰੀ ਬਾਰਡਰ ‘ਤੇ ਡਟੇ ਹੋਏ ਸਨ। 51 ਕਿਸਾਨਾਂ ਨੇ ਦਿੱਲੀ ਵੱਲ ਪੈਦਲ ਕੂਚ ਕਰਨ ਦਾ ਐਲਾਨ ਕੀਤਾ ਸੀ। ਹਰਿਆਣਾ ਪੁਲਸ ਵੱਲੋਂ ਉਨ੍ਹਾਂ ਨੂੰ ਖਨੌਰੀ ਬਾਰਡਰ ਤੇ ਰੋਕਣ ਤੋਂ ਬਾਅਦ ਕਿਸਾਨਾਂ ਨੇ ਉੱਥੇ ਹੀ ਮੋਰਚਾ ਲਗਾ ਦਿੱਤਾ ਸੀ। ਹੁਣ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਮੋਰਚਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਹੋਣ ਵਾਲਾ ਅਰਧ-ਨਗਨ ਵਿਰੋਧ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਿਸਾਨਾਂ ਵੱਲੋਂ ਅੱਜ ਨੰਗੇ ਧੜ ਖਨੌਰੀ ਬਾਰਡਰ ਵੱਲ ਵੱਧਣ ਦਾ ਪ੍ਰੋਗਰਾਮ ਸੀ।
 


author

Babita

Content Editor

Related News