ਕਿਸਾਨ ਨੇਤਾ ਡੱਲੇਵਾਲ ਕਿਸਾਨੀ ਦੇ ਭਲੇ ਲਈ ਮਰਨ ਵਰਤ ਛੱਡ ਕੇ ਸਿਹਤ ਸਬੰਧੀ ਲਾਭ ਲੈਣ: ਰਵਨੀਤ ਬਿੱਟੂ

Tuesday, Dec 17, 2024 - 04:44 AM (IST)

ਕਿਸਾਨ ਨੇਤਾ ਡੱਲੇਵਾਲ ਕਿਸਾਨੀ ਦੇ ਭਲੇ ਲਈ ਮਰਨ ਵਰਤ ਛੱਡ ਕੇ ਸਿਹਤ ਸਬੰਧੀ ਲਾਭ ਲੈਣ: ਰਵਨੀਤ ਬਿੱਟੂ

ਲੁਧਿਆਣਾ (ਗੁਪਤਾ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਪਿਛਲੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਛੱਡ ਕੇ ਸਿਹਤ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ, ਤਾਂ ਕਿ ਉਹ ਸਿਹਤਮੰਦ ਹੋ ਕੇ ਕਿਸਾਨੀ ਦੇ ਮੁੱਦਿਆਂ ’ਤੇ ਸਰਕਾਰ ਨਾਲ ਹਾਂਪੱਖੀ ਵਿਚਾਰ-ਵਟਾਂਦਰਾ ਕਰ ਸਕਣ।

ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਹੋ ਸਕਦਾ ਹੈ। ਕਿਸਾਨ ਨੇਤਾ ਡੱਲੇਵਾਲ ਦੀ ਜ਼ਿੰਦਗੀ ਬੜੀ ਕੀਮਤੀ ਹੈ। ਕੁਝ ਸਿਆਸੀ ਪਾਰਟੀਆਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣ ’ਚ ਲੱਗੀਆਂ ਹੋਈਆਂ ਹਨ, ਸਾਰਿਆਂ ਨੂੰ ਕਿਸਾਨੀ ਦਾ ਮੁੱਦਾ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਿੱਟੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿਕਾਸ ਪੱਖੋਂ ਪੱਛੜ ਗਿਆ ਹੈ। ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਪੰਜਾਬ ਦੇ ਪੁਲਸ ਥਾਣੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।

ਪੁਲਸ ਥਾਣੇ ਵਿਧਾਇਕਾਂ ਦੇ ਘਰਾਂ ਤੋਂ ਚਲਾਏ ਜਾ ਰਹੇ ਹਨ। ਲਾਰੈਂਸ ਬਿਸ਼ਨੋਈ ਵਰਗੇ ਅਪਰਾਧੀਆਂ ਦੇ ਇੰਟਰਵਿਊ ਜੇਲ ਤੋਂ ਹੋਏ ਹਨ। ਰਾਤ 10 ਵਜੇ ਤੋਂ ਬਾਅਦ ਪੁਲਸ ਥਾਣਿਆਂ ਦੇ ਗੇਟ ਬੰਦ ਕਰਨ ਦੇ ਹੁਕਮ ਸੀਨੀਅਰ ਅਧਿਕਾਰੀ ਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜੋ 5 ਗਾਰੰਟੀਆਂ ਲੋਕਾਂ ਨੂੰ ਦਿੱਤੀਆਂ ਹਨ, ਉਨ੍ਹਾਂ ’ਚੋਂ ਕਈ ਪ੍ਰਾਜੈਕਟ ਕੇਂਦਰ ਸਰਕਾਰ ਦੇ ਹਨ। 100 ਇਲੈਕਟ੍ਰਿਕ ਬੱਸਾਂ ਦੀ ਯੋਜਨਾ ਕੇਂਦਰ ਸਰਕਾਰ ਦੀ ਹੈ। ਕੇਂਦਰ ਸਰਕਾਰ ਇਨ੍ਹਾਂ ਬੱਸਾਂ ਨੂੰ ਲੁਧਿਆਣਾ ਲਈ ਭੇਜ ਰਹੀ ਹੈ, ਜਦੋਂਕਿ ਬੁੱਢੇ ਦਰਿਆ ਦੀ ਸਫਾਈ ਦਾ ਪ੍ਰਾਜੈਕਟ ਵੀ ਕੇਂਦਰ ਸਰਕਾਰ ਦਾ ਹੈ।

ਇਸ ਮੌਕੇ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੇ ਸਮੇਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ, ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ, ਹਰਜੋਤ ਕਮਲ, ਰਜਨੀਸ਼ ਧੀਮਾਨ ਹਾਜ਼ਰ ਰਹੇ।


author

Inder Prajapati

Content Editor

Related News