ਰਜਬਾਹੇ ''ਚ ਪਿਆ ਪਾੜ, 7 ਏਕੜ ਕਣਕ ਡੁੱਬੀ

04/26/2018 3:59:40 AM

ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਰਜਬਾਹੇ 'ਚ ਅਚਾਨਕ ਪਾੜ ਪੈਣ ਕਾਰਨ ਖੇਤਾਂ 'ਚ ਵੱਢ ਕੇ ਰੱਖੀ ਕਣਕ ਦੀ ਫਸਲ ਪਾਣੀ 'ਚ ਡੁੱਬ ਗਈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਰਜਵਾਹੇ ਦੀ ਬੁਰਜੀ ਨੰਬਰ 21 ਤੋਂ ਇਕ ਮੋਘੇ 'ਚੋਂ ਕਿਸਾਨ ਬੇਅੰਤ ਸਿੰਘ ਵਾਸੀ ਤਲਵੰਡੀ ਸਾਬੋ ਦੇ ਖੇਤ ਵੱਲ ਅਚਾਨਕ ਪਾੜ ਪੈ ਗਿਆ ਜੋ ਵਧ ਕੇ 15 ਫੁੱਟ ਦੇ ਕਰੀਬ ਚੌੜਾ ਹੋ ਗਿਆ। ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੂੰ ਜਦ ਪਾੜ ਪੈਣ ਦਾ ਪਤਾ ਲੱਗਾ ਤਾਂ ਉਨ੍ਹਾਂ ਨਹਿਰੀ ਮਹਿਕਮੇ ਤੋਂ ਇਲਾਵਾ ਤਲਵੰਡੀ ਸਾਬੋ ਤੇ ਨਾਲ ਲੱਗਦੇ ਪਿੰਡ ਲੇਲੇਵਾਲਾ ਦੇ ਕਿਸਾਨਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਵਾਂ ਪਿੰਡਾਂ ਦੇ ਪਹੁੰਚੇ ਕਿਸਾਨਾਂ ਤੇ ਮਹਿਕਮੇ ਦੇ ਬੇਲਦਾਰਾਂ ਨੇ ਕਾਫੀ ਜੱਦੋ-ਜਹਿਦ ਬਾਅਦ ਪਾੜ ਨੂੰ ਪੂਰਿਆ। ਪਤਾ ਲੱਗਦਿਆਂ ਹੀ ਐੱਸ. ਡੀ. ਓ. ਨਹਿਰੀ ਖੁਸਵਿੰਦਰ ਸਿੰਘ ਜਟਾਣਾ ਤੇ ਜੇ. ਈ. ਸਵਰਨ ਸਿੰਘ ਵੀ ਮੌਕੇ 'ਤੇ ਪਹੁੰਚੇ। ਜਿਨ੍ਹਾਂ ਦਾ ਕਹਿਣਾ ਸੀ ਕਿ ਪਾੜ ਪੈਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਕਿਉਂਕਿ ਰਜਬਾਹਾ ਤਕਰੀਬਨ ਦੋ ਕੁ ਸਾਲ ਪਹਿਲਾਂ ਹੀ ਨਵਾਂ ਬਣਿਆ ਹੈ। ਪਾੜ ਪੈਣ ਨਾਲ 7 ਏਕੜ ਦੇ ਕਰੀਬ ਵੱਢ ਕੇ ਕੱਢਣ ਲਈ ਖੇਤਾਂ 'ਚ ਪਈ ਕਣਕ ਦੀ ਫਸਲ ਪਾਣੀ 'ਚ ਡੁੱਬ ਗਈ।


Related News