ਕਿਸਾਨਾਂ ਦੇ ਹੱਕ ''ਚ ਸੋਸ਼ਲ ਮੀਡੀਆ ''ਤੇ ਛਿੜੀ ਸ਼ਬਦੀ ਜੰਗ

11/22/2017 4:52:55 AM

ਪਾਇਲ(ਬਰਮਾਲੀਪੁਰ)-ਵਾਤਾਵਰਣ ਨੂੰ ਵੱਡੇ ਪੱਧਰ 'ਤੇ ਪ੍ਰਦੂਸ਼ਿਤ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਸ਼ਬਦੀ ਜੰਗ ਦੀ ਭਰਮਾਰ ਹੈ। ਹੁਣ ਜਦੋਂ ਪਰਾਲੀ ਸਾੜਨ ਦੇ ਸਾਰੇ ਮਾਮਲੇ ਕਲੀਅਰ ਹੋ ਚੁੱਕੇ ਹਨ ਤਾਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਅੰਕੜੇ ਸਿੱਧ ਕਰ ਰਹੇ ਹਨ ਕਿ ਪ੍ਰਦੂਸ਼ਣ ਦੀ ਵੱਡੀ ਮਾਰ 'ਚ ਸਿਰਫ 8 ਫ਼ੀਸਦੀ ਕਾਰਨ ਕਿਸਾਨਾਂ ਵੱਲੋਂ ਸਾੜੀ ਜਾਣ ਵਾਲੀ ਪਰਾਲੀ ਹੈ, ਜਦਕਿ 92 ਫ਼ੀਸਦੀ ਹੋਰਨਾਂ ਕਾਰਨਾਂ ਵੱਲ ਸੂਬਿਆਂ ਤੇ ਕੇਂਦਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਵੱਖ-ਵੱਖ ਸਾਈਟਾਂ 'ਤੇ ਉੱਨਤ ਖੇਤੀ ਦੇ ਸਰੋਤਾਂ ਨੂੰ ਆਧਾਰ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਖੇਤੀਬਾੜੀ ਦੇ 8 ਫ਼ੀਸਦੀ ਪ੍ਰਦੂਸ਼ਣ ਵਿਰੁੱਧ ਭੁਗਤਣ ਵਾਲੇ ਸੋਚਣ ਕਿ 25 ਫ਼ੀਸਦੀ ਪ੍ਰਦੂਸ਼ਣ ਦਾ ਧੂੰਆਂ ਵਾਹਨਾਂ 'ਚੋਂ ਨਿਕਲਦਾ ਹੈ। ਸਭ ਤੋਂ ਵੱਧ 51 ਫ਼ੀਸਦੀ ਪ੍ਰਦੂਸ਼ਣ ਫੈਕਟਰੀਆਂ 'ਚੋਂ ਨਿਕਲਣ ਵਾਲੇ ਧੂੰਏ ਤੋਂ ਹੁੰਦਾ ਹੈ ਤੇ ਇਹ ਸਾਲ ਭਰ ਆਪਣਾ ਕਹਿਰ ਗੁਜ਼ਾਰਦਾ ਰਹਿੰਦਾ ਹੈ। ਘਰੇਲੂ ਵਰਤੋਂ 'ਚੋਂ 11 ਫ਼ੀਸਦੀ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜਦਕਿ 4 ਫ਼ੀਸਦੀ ਹੋਰ ਕਾਰਨ ਹਨ, ਜਿਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। 
ਪਰਾਲੀ ਸਾੜਨ ਦਾ ਰੁਝਾਨ ਘਟਿਆ
ਜਾਣਕਾਰੀ ਅਨੁਸਾਰ ਜਿਥੇ ਬੀਤੇ ਸਾਲ ਦੇ ਮੁਕਾਬਲੇ 35 ਹਜ਼ਾਰ 384 ਕਿਸਾਨਾਂ ਨੇ ਖੇਤਾਂ ਨੂੰ ਅੱਗ ਲਾਉਣ ਤੋਂ ਪ੍ਰਹੇਜ਼ ਕੀਤਾ ਹੈ, ਉਥੇ ਹੀ ਬਹੁਤ ਸਾਰੇ ਇਲਾਕਿਆਂ 'ਚ ਕਿਸਾਨਾਂ ਨੇ ਸਿਰਫ ਪਰਾਲੀ ਦੇ ਫੂਸ ਨੂੰ ਸਾੜ ਕੇ ਬਾਕੀ ਮਲਬਾ ਖੇਤ 'ਚ ਹੀ ਮਿਲਾ ਦਿੱਤਾ। ਸਭ ਤੋਂ ਵੱਡੀ ਪਹਿਲਕਦਮੀ ਮੋਗਾ ਜ਼ਿਲੇ ਦੇ ਕਿਸਾਨਾਂ ਨੇ ਕੀਤੀ ਹੈ, ਜਿਥੇ ਪਿਛਲੇ ਸਾਲ 7 ਹਜ਼ਾਰ 51 ਕਿਸਾਨਾਂ ਨੇ ਪਰਾਲੀ ਦੇ ਖੇਤ ਸਾੜੇ ਸਨ, ਉਥੇ ਹੁਣ 4 ਹਜ਼ਾਰ 913 ਕਿਸਾਨਾਂ ਨੇ ਪਿਛਲੇ ਸਾਲ ਤੋਂ ਘੱਟ ਖੇਤ ਸਾੜੇ ਹਨ ਅਤੇ ਇਸ ਜ਼ਿਲੇ 'ਚ ਸਿਰਫ 2138 ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦਾ ਮਾਮਲਾ ਦਰਜ ਹੋਇਆ ਹੈ। ਸੁਧਾਰ ਦੇ ਮਾਮਲੇ 'ਚ ਜ਼ਿਲਾ ਲੁਧਿਆਣਾ ਦੂਸਰੇ ਸਥਾਨ 'ਤੇ ਰਿਹਾ, ਜਿਥੇ ਪਿਛਲੇ ਸਾਲ 7 ਹਜ਼ਾਰ 418 ਕਿਸਾਨਾਂ ਨੇ ਖੇਤਾਂ ਨੂੰ ਅੱਗ ਲਾਈ ਸੀ । ਇੱਥੇ ਹੁਣ ਸਿਰਫ 3 ਹਜ਼ਾਰ 215 ਕਿਸਾਨ ਪਰਾਲੀ ਫੂਕਣ ਵਾਲੇ ਰਹਿ ਗਏ ਹਨ। ਜ਼ਿਲਾ ਲੁਧਿਆਣਾ 'ਚ ਪਿਛਲੇ ਸਾਲ ਦੇ ਮੁਕਾਬਲੇ 4 ਹਜ਼ਾਰ 203 ਕਿਸਾਨਾਂ ਨੇ ਪਰਾਲੀ ਨਹੀਂ ਸਾੜੀ।
ਜ਼ਿਲਾਵਾਰ ਦਰਜ ਕੀਤੀ ਕਮੀ
ਪਿਛਲੇ ਸਾਲ ਦੇ ਮੁਕਾਬਲੇ ਘੱਟ ਦਰਜ ਕੀਤੀ ਕਮੀ ਅਨੁਸਾਰ ਬਠਿੰਡਾ ਜ਼ਿਲੇ 'ਚ ਪਿਛਲੇ ਸਾਲ ਨਾਲੋਂ 3289 ਕੇਸ ਘਟੇ, ਜਦਕਿ ਫਿਰੋਜ਼ਪੁਰ 'ਚ 2935, ਸੰਗਰੂਰ 'ਚ 2561, ਅੰਮ੍ਰਿਤਸਰ 'ਚ 710, ਫਰੀਦਕੋਟ 'ਚ 1367, ਫਤਿਹਗੜ੍ਹ ਸਾਹਿਬ 'ਚ 628, ਫਾਜ਼ਿਲਕਾ 'ਚ 1724, ਗੁਰਦਾਸਪੁਰ 'ਚ 522, ਹੁਸ਼ਿਆਰਪੁਰ 'ਚ 327, ਜਲੰਧਰ 'ਚ 2097, ਮਾਨਸਾ 'ਚ 1023, ਪਠਾਨਕੋਟ 'ਚ ਸਿਰਫ 15, ਪਟਿਆਲਾ 'ਚ 1157, ਰੂਪਨਗਰ 'ਚ 304, ਮੁਹਾਲੀ 'ਚ 73, ਮੁਕਤਸਰ ਸਾਹਿਬ 'ਚ 2321, ਤਰਨਤਾਰਨ 'ਚ 1402 ਅਤੇ ਸ਼ਹੀਦ ਭਗਤ ਸਿੰਘ ਨਗਰ 'ਚ 534 ਮਾਮਲੇ ਘਟੇ ਹਨ।


Related News