ਅਸੀਂ ਸਾਰੇ ਨਾ ਚਾਹੁੰਦਿਆਂ ਵੀ ਸੋਸ਼ਲ ਮੀਡੀਆ ਦੀ ਦਿਖਾਵਟੀ ਦੁਨੀਆ ਦਾ ਹਿੱਸਾ ਹਾਂ : ਵਿੱਦਿਆ ਬਾਲਨ
Monday, Apr 15, 2024 - 05:24 PM (IST)
ਵਿੱਦਿਆ ਬਾਲਨ ਰੋਮਾਂਟਿਕ ਕਾਮੇਡੀ ਫਿਲਮ ‘ਦੋ ਔਰ ਦੋ ਪਿਆਰ’ ਨਾਲ ਸਿਲਵਰ ਸਕਰੀਨ ’ਤੇ ਵਾਪਸੀ ਕਰ ਰਹੀ ਹੈ। ਉਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ’ਚ ਇਕ ਸ਼ਾਦੀਸ਼ਦਾ ਜੋੜੇ ਦੀ ਕਹਾਣੀ ਹੈ, ਜਿਨ੍ਹਾਂ ਦੀ ਜ਼ਿੰਦਗੀ ’ਚ ਰੋਮਾਂਚ ਨਹੀਂ ਹੈ ਅਤੇ ਦੋਵਾਂ ਦੇ ਹੀ ਵਿਆਹ ਬਾਹਰੇ ਸਬੰਧ ਪੈਦਾ ਹੋ ਜਾਂਦੇ ਹਨ। ਫਿਲਮ ’ਚ ਵਿੱਦਿਆ ਬਾਲਨ, ਪ੍ਰਤੀਕ ਗਾਂਧੀ, ਇਲਿਆਨਾ ਡੀਕਰੂਜ਼ ਅਤੇ ਸੇਂਥਿਲ ਰਾਮਮੂਰਤੀ ਅਹਿਮ ਭੂਮਿਕਾਵਾਂ ’ਚ ਹਨ। ‘ਦੋ ਔਰ ਦੋ ਪਿਆਰ’ 19 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਅਾਰ ਹੈ। ਅਜਿਹੇ ਵਿਚ ਇਸ ਦੇ ਬਾਰੇ ਵਿਚ ਪ੍ਰਤੀਕ ਗਾਂਧੀ ਤੇ ਵਿੱਦਿਆ ਬਾਲਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼ ...
ਵਿੱਦਿਆ ਬਾਲਨ
ਅੱਜਕੱਲ੍ਹ ਰਿਸ਼ਤਿਆਂ ’ਚ ਭਾਵਨਾਤਮਕ ਸਬੰਧ ਘੱਟ ਹੁੰਦੇ ਜਾ ਰਹੇ ਹਨ, ਤੁਸੀਂ ਇਸ ਲਈ ਸੋਸ਼ਲ ਮੀਡੀਆ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੀ ਹੋ?
ਇਕ ਦੂਜੇ ਲਈ ਕਿੱਥੇ, ਅਸੀਂ ਤਾਂ ਖ਼ੁਦ ਲਈ ਵੀ ਸਮਾਂ ਨਹੀਂ ਕੱਢ ਦੇ। ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝ ਨਹੀਂ ਪਾਉਂਦੇ ਤੇ ਸਿਰਫ ਸੋਸ਼ਲ ਮੀਡੀਆ ’ਤੇ ਦਿਖਾਵਟੀ ਦੁਨੀਆ ਦਾ ਹਿੱਸਾ ਬਣ ਕੇ ਰਹਿ ਗਏ ਹਾਂ। ਜੇਕਰ ਸਾਡਾ ਦਿਨ ਮਾੜਾ ਵੀ ਜਾਂਦਾ ਹੋਵੇ, ਤਾਂ ਵੀਅਸੀਂ ਇਕ ਚੰਗੀ ਤਸਵੀਰ ਹੀ ਪੋਸਟ ਕਰਦੇ ਹਾਂ ਤਾਂ ਜੋ ਦਸ ਜਣੇ ਕਮੈਂਟ ਕਰਨ ਪਰ ਅਸੀਂ ਇਕ-ਦੂਜੇ ਨਾਲ ਬੈਠ ਕੇ ਗੱਲ ਨਹੀਂ ਕਰ ਦੇ ਕਿ ਅੱਜ ਮੇਰਾ ਦਿਨ ਚੰਗਾ ਨਹੀਂ ਰਿਹਾ। ਅਸੀਂ ਸਾਰੇ ਨਾ ਚਾਹੁੰਦੇ ਹੋਏ ਵੀ ਇਸ ਦਿਖਾਵਟੀ ਦੁਨੀਆ ਦਾ ਹਿੱਸਾ ਹਾਂ। ਅੱਜਕੱਲ੍ਹ ਲੋਕਾਂ ਦੇ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਇੰਨੇ ਸਾਰੇ ਦੋਸਤ ਹਨ ਪਰ ਨਿੱਜੀ ਕੋਈ ਵੀ ਨਹੀਂ ਹੈ। ਜੇਕਰ ਤੁਸੀਂ ਕੌਫੀ ਸ਼ਾਪ ’ਤੇ ਵੀ ਜਾਂਦੇ ਹੋ ਤਾਂ ਉੱਥੇ ਵੀ ਲੋਕਾਂ ਨੂੰ ਆਪਣੇ ਫੋਨ ’ਤੇ ਹੀ ਰੁੱਝੇ ਹੋਏ ਦੇਖੋਗੇ। ਅਜਿਹਾ ਵੀ ਦੇਖਿਆ ਜਾਂਦਾ ਹੈ ਕਿ ਜੇ ਲੋਕ ਇਕੱਲਾਪਣ ਮਹਿਸੂਸ ਕਰਦੇ ਹਨ ਤਾਂ ਉਸ ਨੂੰ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦੇ ਹਨ ਇਹ ਸੋਚ ਕੇ ਕਿ ਲੋਕ ਉਸ ’ਤੇ ਸਲਾਹ ਦੇਣਗੇ। ਜ਼ਰਾ ਸੋਚੋ, ਉਹ ਉਨ੍ਹਾਂ ਲੋਕਾਂ ਤੋਂ ਸੁਝਾਅ ਮੰਗ ਰਹੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਤੱਕ ਨਹੀਂ ਹਨ।
ਪਹਿਲਾਂ ਦੇ ਪਿਆਰ ਤੇ ਅੱਜ ਦੇ ਪਿਆਰ ’ਚ ਕਾਫੀ ਅੰਤਰ ਹੋ ਗਿਆ ਹੈ। ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ?
ਜੀ ਹਾਂ, ਸੁਣਨ ’ਚ ਤਾਂ ਆ ਰਿਹਾ ਹੈ ਕਿ ਲੋਕ ਬੜੇ ਬੇਸਬਰੇ ਹੋ ਗਏ ਹਨ। ਇਕ ਜਾਂ ਦੋ ਮੁਲਾਕਾਤਾਂ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਇੰਨਾ ਮਜ਼ਾ ਨਹੀਂ ਆ ਰਿਹਾ, ਤਾਂ ਉਹ ਕਿਸੇ ਹੋਰ ਨੂੰ ਲੱਭਣ ਲੱਗਦੇ ਹਨ। ਅੱਜਕੱਲ੍ਹ ਹਰ ਚੀਜ਼ ਲਈ ਐਪਸ ਹਨ, ਹਰ ਚੀਜ਼ ਸਾਡੇ ਘਰਾਂ ਤੱਕ ਪਹੁੰਚ ਜਾਂਦੀ ਹੈ, ਇਸ ਲਈ ਬਦਲ ਬਹੁਤ ਵਧ ਗਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਨਿੱਜੀ ਜ਼ਿੰਦਗੀ ਵੀ ਅਜਿਹੀ ਹੋ ਗਈ ਹੈ, ਰਿਸ਼ਤੇ ਵੀ ਇਸੇ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
ਇਸ ਫਿਲਮ ਰਾਹੀਂ ਤੁਸੀਂ ਆਪਣੇ ਕਿਰਦਾਰ ਤੋਂ ਕੀ ਸਿੱਖਿਆ?
ਮੈਂ ਕਾਵਿਆ ਤੋਂ ਸਿੱਖਿਆ ਹੈ ਕਿ ਹਰ ਕਿਸੇ ਦਾ ਪਿਆਰ ਜ਼ਾਹਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਜੇ ਉਹ ਵੱਖਰਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦਾ। ਹਰ ਕੋਈ ਇਕ ਤਰ੍ਹਾਂ ਨਾਲ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦਾ। ਜੇ ਉਹ ਤੁਹਾਡੇ ਵਾਂਗ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਨਹੀਂ ਕਰ ਰਿਹਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਿਆਰ ਨਹੀਂ ਹੈ।
ਸਿਧਾਰਥ ਰਾਏ ਕਪੂਰ ਅਤੇ ਤੁਸੀਂ ਕਿਵੇਂ ਮਿਲੇ?
ਮੈਂ ਉਨ੍ਹਾਂ ਨੂੰ ਫਿਲਮ ਫੇਅਰ ਐਵਾਰਡ ਦੀ ਬੈਕਸਟੇਜ ’ਤੇ ਮਿਲੀ ਸੀ। ਮੈਨੂੰ ਮੇਰਾ ਪਹਿਲਾ ਬੈਸਟ ਐਕਟ੍ਰੈਸ ਐਵਾਰਡ ‘ਪਾ’ ਲਈ ਮਿਲਿਆ ਸੀ, ਉਹ ਲੈ ਕੇ ਮੈਂ ਬੈਕਸਟੇਜ ਗਈ ਸੀ ਅਤੇ ਬਾਈਟ ਆਦਿ ਦੇ ਕੇ ਨਿਕਲ ਹੀ ਰਹੀ ਸੀ ਕਿ ਮੈਨੂੰ ਉਹ ਮਿਲ ਗਏ। ਮੈਂ ਕਿਹਾ ਅੱਛਾ. .. .ਇਹ ਮੇਰੇ ਪ੍ਰੋਡਿਊਸਰ ਹਨ। ਮੈਂ ਉਨ੍ਹਾਂ ਦਾ ਨਾਂ ਤਾਂ ਸੁਣਿਆ ਸੀ ਪਰ ਉਨ੍ਹਾਂ ਨੂੰ ਕਦੇ ਮਿਲੀ ਨਹੀਂ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਨੂੰ ਉੱਥੇ ਮੌਜੂਦ ਟੀਮ ਤੋਂ ਉਨ੍ਹਾਂ ਬਾਰੇ ਥੋੜ੍ਹੀ ਜਾਣਕਾਰੀ ਮਿਲੀ ਤਾਂ ਪਤਾ ਲੱਗਾ ਕਿ ਉਹ ਵਿਆਹੇ ਹੋਏ ਹਨ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਪਹਿਲਾਂ ਹੀ ਵੱਖ ਹੋ ਚੁੱਕੇ ਹਨ। ਫਿਰ ਜ਼ਿੰਦਗੀ ਸਾਨੂੰ ਨਾਲ ਲੈ ਆਈ।
ਪ੍ਰਤੀਕ ਗਾਂਧੀ
ਜ਼ਿੰਦਗੀ ਮਿਲੀ ਹੈ ਤਾਂ ਖੁੱਲ੍ਹ ਕੇ ਜੀਓ, ਬ੍ਰੇਕਅੱਪ ਤਾਂ ਹੁੰਦੇ ਰਹਿੰਦੇ ਹਨ : ਪ੍ਰਤੀਕ ਗਾਂਧੀ
ਅੱਜ ਦੇ ਸਮੇਂ ’ਚ ਤੁਸੀਂ ਸਿਚੁਏਸ਼ਨਸ਼ਿਪ ਤੇ ਰਿਲੇਸ਼ਨਸ਼ਿਪ ਨੂੰ ਕਿਵੇਂ ਦੇਖਦੇ ਹੋ?
ਮੈਨੂੰ ਲੱਗਦਾ ਹੈ ਕਿ ਬਦਲਣਾ ਤਾਂ ਲੋਕਾਂ ਦਾ ਸੁਭਾਅ ਹੈ। ਡਿਜੀਟਲ ਵਰਲਡ ’ਚ ਅਸੀਂ ਅਟੈਂਸ਼ਨ ਦੇ ਭੁੱਖੇ ਹੁੰਦੇ ਜਾ ਰਹੇ ਹਾਂ। ਅਸੀਂ ਪੰਜ ਦਿਨਾਂ ਦੇ ਟੈਸਟ ਮੈਚਾਂ ਤੋਂ ਲੈ ਕੇ 20-20 ਤੱਕ ਆ ਗਏ। ਅਜਿਹੇ ਸਮੇਂ ’ਚ ਜ਼ਿੰਦਗੀ ਭਰ ਰਿਲੇਸ਼ਨਸ਼ਿਪ ’ਚ ਰਹਿਣਾ ਇਸ ਪੀੜ੍ਹੀ ਦੇ ਲੋਕਾਂ ਲਈ ਮੁਸ਼ਕਲ ਵਿਚਾਰ ਹੋ ਗਿਆ ਹੈ। ਅਸੀਂ ਲੰਬੇ ਸਮੇਂ ਤੱਕ ਕਿਸੇ ਵੀ ਚੀਜ਼ ਨਾਲ ਜੁੜੇ ਨਹੀਂ ਰਹਿਣਾ ਚਾਹੁੰਦੇ ਪਰ ਇਨਸਾਨ ਹੋਣ ਦੇ ਨਾਤੇ ਸਾਨੂੰ ਦੂਜਿਆਂ ਤੋਂ ਪਿਆਰ ਦੀ ਲੋੜ ਤਾਂ ਹੁੰਦੀ ਹੀ ਹੈ। ਹੁਣ ਜੇ ਉਹ ਕਿਸੇ ਇਕ ਵਿਅਕਤੀ ਤੋਂ ਨਾ ਮਿਲੇ ਤਾਂ ਉਹ ਉਸ ਨੂੰ ਲੱਭਦਾ ਹੀ ਰਹੇਗਾ। ਜਿੱਥੋਂ ਤੱਕ ਗੱਲ ਸਿਚੁਏਸ਼ਨਸ਼ਿਪ ਦੀ ਹੈ ਤਾਂ ਜਦੋਂ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕਹਿਣਾ ਕੀ ਹੈ ਤਾਂ ਉਹ ਇਸ ਨੂੰ ਸਿਚੁਏਸ਼ਨਸ਼ਿਪ ਦਾ ਨਾਂ ਦੇ ਦਿੰਦੇ ਹਨ। ਹਾਲੇ ਤੱਕ ਮੈਨੂੰ ਤਾਂ ਇਹੋ ਸਮਝ ’ਚ ਆਇਆ ਹੈ, ਹੋ ਸਕਦਾ ਹੈ ਕਿ ਇਹ ਗ਼ਲਤ ਹੋਵੇ।
ਰੀਅਲ ਲਾਈਫ ’ਚ ਜਦੋਂ ਕਪਲ ਦਾ ਝਗੜਾ ਹੁੰਦਾ ਹੈ ਤਾਂ ਪਤੀ ਨੂੰ ਵੱਧ ਸੁਣਨਾ ਪੈਂਦਾ ਹੈ। ਤੁਹਾਡੇ ਕੇਸ ’ਚ ਵੀ ਕੀ ਅਜਿਹਾ ਹੈ?
ਨਹੀਂ, ਮੇਰੇ ਹਿਸਾਬ ਨਾਲ ਦੋਵਾਂ ਨੂੰ ਸੁਣਨਾ ਅਤੇ ਬੋਲਣਾ ਚਾਹੀਦਾ ਹੈ। ਲੜਾਈ ਤੋਂ ਬਾਅਦ ਜੇ ਤੁਸੀਂ ਬੋਲਣਾ ਬੰਦ ਕਰ ਦਿੰਦੇ ਹੋ ਤਾਂ ਲੜਾਈ ਗੰਭੀਰ ਸਥਿਤੀ ’ਚ ਬਦਲ ਜਾਂਦੀ ਹੈ। ਬ੍ਰੇਕਅਪ ਅਤੇ ਤਲਾਕ ਤੋਂ ਬਾਅਦ ਡੇਟਿੰਗ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ?
ਤੁਸੀਂ ਜਿਉਣਾ ਤਾਂ ਨਹੀਂ ਛੱਡ ਸਕਦੇ। ਆਪਣੇ ਮਾਤਾ-ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਵੀ ਤੁਸੀਂ ਜ਼ਿੰਦਾ ਰਹਿੰਦੇ ਹੋ। ਤੁਹਾਨੂੰ ਇਹ ਜ਼ਿੰਦਗੀ ਮਿਲੀ ਹੈ, ਇਸ ਲਈ ਇਸ ਨੂੰ ਖੁੱਲ੍ਹ ਕੇ ਜੀਓ। ਬ੍ਰੇਕਅੱਪ ਆਦਿ ਜ਼ਿੰਦਗੀ ਦਾ ਹਿੱਸਾ ਹਨ, ਜ਼ਿੰਦਗੀ ਨਹੀਂ ਹੈ।
ਭਾਮਿਨੀ ਓਝਾ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਹੋਈ ਅਤੇ ਗੱਲਬਾਤ ਕਿਵੇਂ ਅੱਗੇ ਵਧੀ?
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ 2005 ’ਚ ਹੋਈ ਸੀ। ਸਟੇਜ ’ਤੇ ਮੇਰੀ ਪੇਸ਼ਕਾਰੀ ਚੱਲ ਰਹੀ ਸੀ, ਉਦੋਂ ਮੈਂ ਉਨ੍ਹਾਂ ਨੂੰ ਆਡੀਟੋਰੀਅਮ ’ਚ ਦੇਖਿਆ। ਉਹ ਨਾਟਕ ਦੇਖ ਰਹੀ ਸੀ। ਇਹ ਅਜਿਹਾ ਨਾਟਕ ਸੀ, ਜਿਸ ’ਚ ਕੋਈ ਸੰਵਾਦ ਨਹੀਂ ਸੀ। ਮੈਂ ਉਨ੍ਹਾਂ ਨੂੰ ਨੋਟਿਸ ਕੀਤਾ ਕਿ ਇਹ ਕੌਣ ਹੈ। ਫਿਰ ਜਦੋਂ ਨਾਟਕ ਖ਼ਤਮ ਹੋਣ ਤੋਂ ਬਾਅਦ ਉਹ ਸਾਡੇ ਕੋਲ ਆਈ ਅਤੇ ਸਾਰਿਆਂ ਨੂੰ ਵਧਾਈ ਦਿੱਤੀ ਤਾਂ ਪਤਾ ਲੱਗਾ ਕਿ ਉਹ ਵੀ ਇਕ ਅਦਾਕਾਰ ਹਨ। ਫਿਰ ਮੈਂ ਕਿਸੇ ਤਰ੍ਹਾਂ ਉਨ੍ਹਾਂ ਦਾ ਨੰਬਰ ਲਿਆ ਅਤੇ ਉਨ੍ਹਾਂ ਨੂੰ ਮੈਸੇਜ ਕੀਤਾ। ਫਿਰ ਇਕ ਡੇਢ ਸਾਲ ਤੱਕ ਤਾਂ ਸਭ ਕੁਝ ਇਸੇ ਤਰ੍ਹਾਂ ਚਲਦਾ ਰਿਹਾ। ਬਾਅਦ ਵਿਚ ਅਸੀਂ ਕੌਫੀ ’ਤੇ ਪਹਿਲੀ ਵਾਰ ਮਿਲੇ ਅਤੇ ਗੱਲਬਾਤ ਅੱਗੇ ਵਧੀ। ਫਿਰ ਅਸੀਂ ਮੇਲ ’ਤੇ ਗੱਲਾਂ ਕਰਦੇ ਸੀ। ਉਸ ਸਮੇਂ ਸੋਸ਼ਲ ਮੀਡੀਆ ਆਦਿ ਨਹੀਂ ਸੀ।