ਕਰਜ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਕਿਸਾਨ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ
Wednesday, May 27, 2020 - 05:13 PM (IST)
ਭਵਾਨੀਗੜ੍ਹ (ਕਾਂਸਲ, ਵਿਕਾਸ, ਸੰਜੀਵ) : ਸਥਾਨਕ ਸ਼ਹਿਰ ਨੇੜਲੇ ਪਿੰਡ ਝਨੇੜੀ ਵਿਖੇ ਕਰਜ਼ੇ ਦੇ ਭਾਰ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਘਰਾਚੋਂ ਦੇ ਇੰਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ (22) ਦੇ ਭਰਾ ਬਲਕਾਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਪਿੰਡ ਝਨੇੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਸੰਦੀਪ ਸਿੰਘ ਸਭ ਤੋਂ ਛੋਟਾ ਸੀ ਅਤੇ ਉਸ ਦਾ ਅਜੇ ਉਸ ਦਾ ਵਿਆਹ ਨਹੀਂ ਸੀ ਹੋਇਆ। ਉਨ੍ਹਾਂ ਕੋਲ ਸਿਰਫ ਤਿੰਨ ਕਿਲੇ ਹੀ ਜ਼ਮੀਨ ਹੈ ਅਤੇ ਉਨ੍ਹਾਂ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਣ ਕਾਰਨ ਸੰਦੀਪ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਬਲਕਾਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਸ ਦਾ ਭਰਾ ਸੰਦੀਪ ਸਿੰਘ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਕਾਫੀ ਸਮਾਂ ਜਦੋਂ ਬਾਹਰ ਨਹੀਂ ਆਇਆ ਤਾਂ ਉਸ ਨੂੰ ਰੋਟੀ ਖਾਣ ਲਈ ਜਦੋਂ ਮੈਂ ਬੁਲਾਉਣ ਲਈ ਗਿਆ ਤਾਂ ਕਮਰੇ ਅੰਦਰ ਸੰਦੀਪ ਸਿੰਘ ਦੀ ਹਾਲਤ ਕਾਫੀ ਖਰਾਬ ਸੀ ਉਸ ਨੇ ਦੱਸਿਆ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਜਿਸ ਨੂੰ ਇਲਾਜ ਲਈ ਜਦੋਂ ਅਸੀ ਡੀ.ਐੱਮ.ਸੀ ਲੁਧਿਆਣਾ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਸੰਦੀਪ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।