ਫੈਕਟਰੀ "ਚ ਚੋਰਾਂ ਨੇ ਬੋਲਿਆ ਧਾਵਾ, 5,48,000 ਰੁਪਏ ਕੀਤੇ ਚੋਰੀ
Tuesday, Mar 18, 2025 - 05:02 PM (IST)

ਗੁਰੂਹਰਸਹਾਏ (ਸਿਕਰੀ, ਕਾਲੜਾ) : ਫਰੀਦਕੋਟ ਰੋਡ ਗੁਰੂਹਰਸਹਾਏ ਵਿਖੇ ਇਕ ਫੈਕਟਰੀ ਦੇ ਕਮਰਿਆਂ ਦੇ ਤਾਲੇ ਤੋੜ ਕੇ ਅਲਮਾਰੀ ਵਿਚੋਂ ਅਣਪਛਾਤੇ ਵਿਅਕਤੀਆਂ ਵੱਲੋਂ 5 ਲੱਖ 48 ਹਜ਼ਾਰ ਰੁਪਏ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁਨੀਸ਼ ਸ਼ਰਮਾ ਪੁੱਤਰ ਚੂਨੀ ਲਾਲ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਸ਼੍ਰੀ ਰਾਮ ਸਾਲਵੈਕਸ ਫਰੀਦਕੋਟ ਰੋਡ ਗੁਰੂਹਰਸਹਾਏ ’ਚ ਬਤੌਰ ਮੈਨੇਜਰ ਵਜੋਂ ਕੰਮ ਕਰਦਾ ਹੈ।
ਮੁਨੀਸ਼ ਸ਼ਰਮਾ ਨੇ ਦੱਸਿਆ ਕਿ 15 ਮਾਰਚ ਦੀ ਸ਼ਾਮ ਅਸੀਂ ਕੰਡੇ ਦਾ ਸਾਰਾ ਹਿਸਾਬ-ਕਿਤਾਬ ਕਰ ਕੇ ਕੰਡਾ ਬੰਦ ਕਰਨ ਸਮੇਂ ਅਲਮਾਰੀ ’ਚ 5 ਲੱਖ 48 ਹਜ਼ਾਰ ਰੁਪਏ ਰੱਖ ਕੇ ਅਲਮਾਰੀ ਲਾਕ ਕਰ ਕੇ ਕੰਡਾ ਬੰਦ ਕਰ ਦਿੱਤਾ ਸੀ। 16 ਮਾਰਚ ਨੂੰ ਸਵੇਰੇ ਕੰਡੇ ’ਤੇ ਪੁੱਜੇ ਤਾਂ ਸਾਡੀ ਫੈਕਟਰੀ ਦੇ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਅਤੇ ਕੰਡੇ ਅੰਦਰ ਪਈ ਅਲਮਾਰੀ ’ਚੋਂ 5 ਲੱਖ 48 ਹਜ਼ਾਰ ਰੁਪਏ ਦੀ ਨਕਦੀ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ। ਜਾਂਚਕਰਤਾ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।