ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ
Saturday, May 14, 2022 - 11:31 AM (IST)
ਬਠਿੰਡਾ (ਜ.ਬ) : ਪੰਜਾਬ ’ਚ ਗਰਮੀ ਦੇ ਚੱਲਦਿਆਂ ਜਿੱਥੇ ਬਿਜਲੀ ਦੀ ਮੰਗ ਵੱਧ ਰਹੀ ਹੈ। ਉੱਥੇ ਹੀ ਹੁਣ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ’ਚ ਸਥਿਤ ਗੁਰੂ ਗੋਬਿੰਦ ਥਰਮਲ ਪਲਾਂਟ ਦੀ ਯੂਨਿਟ ਨੰਬਰ 2 ਦੇ ਈ.ਐੱਸ.ਪੀ. ਡਿੱਗ ਗਈ ਹੈ, ਜਿਸ ਦੇ ਚੱਲਦਿਆਂ 420 ਮੇਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਤਰਾ ਹੈ। ਸ਼ੁਕਰਵਾਰ ਦੇਰ ਰਾਤ ਥਰਮਲ ਪਲਾਂਟ ’ਚ ਜ਼ੋਰਦਾਰ ਧਮਾਕਾ ਹੋਇਆ ਅਤੇ ਰਾਖ ’ਚ ਭਰੇ ਈ.ਐੱਸ.ਪੀ. ਦੇ ਖੰਭੇ ਹੇਠਾਂ ਡਿੱਗ ਗਏ। ਜਦਕਿ ਰਾਖ ਦੀ ਗਰਮੀ ਕਾਰਨ 2 ਕਰਮਚਾਰੀਆਂ ਦੇ ਪੈਰ ਵੀ ਸੜ ਗਏ ਹਨ।
ਇਹ ਵੀ ਪੜ੍ਹੋ : CM ਮਾਨ ਨੇ ਆਪਣੇ ਪਿਤਾ ਦੀ ਗਿਆਰ੍ਹਵੀਂ ਬਰਸੀ ਮੌਕੇ ਕੀਤਾ ਯਾਦ, ਕਿਹਾ- 'we miss you ‘ਮਾਸਟਰ ਜੀ’
ਦੱਸਿਆ ਜਾ ਰਿਹਾ ਹੈ ਕਿ ਈ.ਐੱਸ.ਪੀ. ਪੂਰੀ ਤਰ੍ਹਾਂ ਨਾਲ ਭਰੀ ਹੋਈ ਸੀ, ਜਿਸਦੀ ਨਿਕਾਸੀ ਵੀ ਬੰਦ ਹੋ ਗਈ ਸੀ। ਥਰਮਲ ਪਲਾਂਟ ਦੇ ਸੂਤਰਾਂ ਮੁਤਾਬਕ ਯੂਨਿਟ ਨੰਬਰ 2 ਦਾ ਈ.ਐੱਸ.ਪੀ. ਡਿੱਗ ਗਿਆ, ਜਿਸ ਨਾਲ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਈ.ਐੱਸ.ਪੀ. ਡਿੱਗਣ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਯੂਨਿਟ ਨੰਬਰ 1-2 ਮਹੀਨੇ ਤੱਕ ਦੁਬਾਰਾ ਕੰਮ ਸ਼ੁਰੂ ਨਹੀਂ ਕਰ ਸਕੇਗਾ। ਜਦਕਿ ਯੂਨਿਟ ਨੰਬਰ 2 ਇਕ ਸਾਲ ਲਈ ਠੱਪ ਹੋ ਜਾਏਗਾ, ਜਿਸ ਨਾਲ ਬਿਜਲੀ ਪੈਦਾ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸੂਬੇ ’ਚ ਪਹਿਲਾਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਸੀ। ਜੂਨ ਮਹੀਨੇ ’ਚ ਪੈਡੀ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ ਹੋਰ ਵੱਧੇਗੀ। ਉੱਥੇ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਨਾਲ ਬਿਜਲੀ ਨੂੰ ਪੂਰਾ ਕਰਨਾ ਔਖਾ ਹੋ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ