ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਬਦਮਾਸ਼ਾਂ ਦਾ ਪੁਲਸ ਨਾਲ ਮੁਕਾਬਲਾ, ਦੋਨਾਂ ਪਾਸੋਂ ਤਾੜ-ਤਾੜ ਚੱਲੀਆਂ ਗੋਲੀਆਂ
Saturday, Nov 30, 2024 - 12:16 AM (IST)
ਨੈਸ਼ਨਲ ਡੈਸਕ– ਸ਼ੁੱਕਰਵਾਰ ਰਾਤ ਲੱਗਭਗ 8 ਵਜੇ ਚੰਡੀਗੜ੍ਹ ’ਚ ਪੀਰਾਂਵਾਲੀ ਨੇੜੇ 2 ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਬਦਮਾਸ਼ਾਂ ਦਾ ਸੈਕਟਰ-11 ’ਚ ਕ੍ਰਾਈਮ ਬ੍ਰਾਂਚ ਤੇ ਸਥਾਨਕ ਐੱਸ. ਟੀ. ਐੱਫ. ਦੀ ਟੀਮ ਦੇ ਨਾਲ ਮੁਕਾਬਲਾ ਹੋ ਗਿਆ। ਦੋਵੇਂ ਪਾਸਿਓਂ ਲੱਗਭਗ 25 ਰਾਊਂਡ ਫਾਇਰਿੰਗ ਹੋਈ। ਬਾਈਕ ਛੱਡ ਕੇ ਭੱਜੇ 2 ਬਦਮਾਸ਼ ਪੁਲਸ ਦੀ ਗੋਲੀ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੇ ਪੈਰਾਂ ’ਚ ਗੋਲੀ ਲੱਗੀ। ਮੁਕਾਬਲੇ ’ਚ ਐੱਸ. ਟੀ. ਐੱਫ. ਦੇ 2 ਐੱਸ. ਆਈਜ਼ ਦੀ ਬੁਲੇਟ ਪਰੂਫ ਜੈਕੇਟ ’ਤੇ ਗੋਲੀ ਲੱਗੀ, ਜਿਸ ਨਾਲ ਉਹ ਵਾਲ-ਵਾਲ ਬਚ ਗਏ।
ਬਦਮਾਸ਼ਾਂ ਦੀ ਪਛਾਣ ਦੇਵਾ ਦੇ ਵਿਨੇ ਤੇ ਖਰੜ ਦੇ ਅਜੀਤ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਨੇ ਗੈਂਗਸਟਰ ਗੋਲਡੀ ਬਰਾੜ ਦੇ ਖਾਸਮਖਾਸ ਰਣਦੀਪ ਦੇ ਕਹਿਣ ’ਤੇ ਬੰਬ ਸੁੱਟੇ ਸਨ। ਸਿਵਲ ਹਸਪਤਾਲ ਕੰਪਲੈਕਸ ’ਚ ਦੇਰ ਰਾਤ ਤਕ ਭਾਰੀ ਪੁਲਸ ਫੋਰਸ ਮੌਜੂਦ ਸੀ।
ਗੋਲਡੀ ਦੇ ਨਜ਼ਦੀਕੀ ਰਣਦੀਪ ਦੇ ਕਹਿਣ ’ਤੇ ਬੰਬ ਸੁੱਟਣ ਲਈ ਹੋਏ ਰਾਜ਼ੀ
ਵਿਨੇ ਨੇ ਐੱਸ. ਟੀ. ਐੱਫ. ਦੀ ਮੁੱਢਲੀ ਪੁੱਛਗਿੱਛ ਵਿਚ ਦੱਸਿਆ, ‘‘ਪੇਟਵਾੜ ਦਾ ਇਕ ਨੌਜਵਾਨ ਮੇਰੇ ਨਾਲ ਸਕੂਲ ਵਿਚ ਪੜ੍ਹਦਾ ਸੀ। ਖਰੜ ਦਾ ਅਜੀਤ ਮੇਰਾ ਦੋਸਤ ਹੈ। ਪੇਟਵਾੜ ਦੇ ਨੌਜਵਾਨ ਨੇ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਰਣਦੀਪ ਨਾਲ ਉਨ੍ਹਾਂ ਦੀ ਫੋਨ ’ਤੇ ਗੱਲ ਕਰਵਾਈ ਸੀ। ਫਿਰ ਪੇਟਵਾੜ ਦੇ ਨੌਜਵਾਨ ਦੇ ਕਹਿਣ ’ਤੇ ਅਸੀਂ ਕਰਨਾਲ ਪਹੁੰਚੇ। ਉੱਥੇ ਇਕ ਅਣਪਛਾਤਾ ਨੌਜਵਾਨ ਸਾਨੂੰ ਬੰਬ ਦੇ ਕੇ ਗਿਆ ਸੀ। ਅਸੀਂ ਦੋਵੇਂ ਬੱਸ ਵਿਚ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਸਾਨੂੰ ਬਾਈਕ ਮੁਹੱਈਆ ਕਰਵਾਈ ਗਈ। ਫਿਰ ਅਸੀਂ ਦੱਸੇ ਗਏ ਕਲੱਬਾਂ ’ਤੇ ਬੰਬ ਸੁੱਟ ਕੇ ਆਏ ਸੀ।''