ਗਣਤੰਤਰ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਵਿਦਿਆਰਥੀ ਦੇ ਮੂੰਹ ਨੂੰ ਪਈ ਅੱਗ

Friday, Jan 26, 2018 - 07:21 AM (IST)

ਗਣਤੰਤਰ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਵਿਦਿਆਰਥੀ ਦੇ ਮੂੰਹ ਨੂੰ ਪਈ ਅੱਗ

ਤਪਾ ਮੰਡੀ, (ਸ਼ਾਮ, ਗਰਗ, ਮਾਰਕੰਡਾ)- ਅਗਰਵਾਲ ਧਰਮਸ਼ਾਲਾ 'ਚ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਦਾ ਨਿਰੀਖਣ ਐੱਸ. ਡੀ. ਐੱਮ. ਤਪਾ ਸੰਦੀਪ ਕੁਮਾਰ ਆਈ. ਏ. ਐੱਸ. ਨੇ ਕੀਤਾ। ਇਸ ਰਿਹਰਸਲ 'ਚ ਵੱਖ-ਵੱਖ ਸਕੂਲਾਂ ਨੇ ਦਰਜਨ ਦੇ ਕਰੀਬ ਆਈਟਮਾਂ ਪੇਸ਼ ਕੀਤੀਆਂ।
ਰਿਹਰਸਲ ਦੌਰਾਨ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦ ਗੱਤਕਾ ਟੀਮ ਵੱਲੋਂ ਅੱਗ ਦੇ ਜੌਹਰ ਵਿਖਾਉਣੇ ਸ਼ੁਰੂ ਕੀਤੇ ਗਏ ਤੇ ਇਕ ਵਿਦਿਆਰਥੀ, ਜੋ ਆਪਣੇ ਮੂੰਹ 'ਚ ਤੇਲ ਪਾ ਕੇ ਅੱਗ ਦੇ ਜੌਹਰ ਦਿਖਾਉਣ ਲੱਗਾ ਸੀ, ਦੇ ਮੂੰਹ ਨੂੰ ਅੱਗ ਪੈ ਗਈ। ਉਸ ਸਮੇਂ ਉਸ ਦੀ ਸਹਾਇਤਾ ਲਈ ਕੋਈ ਵੀ ਅਧਿਕਾਰੀ-ਕਰਮਚਾਰੀ ਨਾ ਉਠਿਆ ਤਾਂ ਗੱਤਕਾ ਖੇਡ ਰਹੇ ਇਕ ਵਿਦਿਆਰਥੀ ਨੇ ਹੀ ਉਸ ਦੇ ਮੂੰਹ 'ਤੇ ਕੱਪੜਾ ਪਾ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਇਕ ਵਿਦਿਆਰਥੀ ਦੀ ਬਾਂਹ 'ਤੇ ਵੀ ਸੱਟ ਲੱਗੀ।
ਜਦੋਂ ਐੱਸ. ਡੀ. ਐੱਮ. ਨੂੰ ਡਾਕਟਰਾਂ ਦੀ ਟੀਮ ਮੌਕੇ 'ਤੇ ਹਾਜ਼ਰ ਨਾ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਣਕਾਰੀ ਲੈ ਕੇ ਸਬੰਧਤ ਸਟਾਫ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਆਈਟਮ 'ਚੋਂ ਅੱਗ ਦੇ ਦ੍ਰਿਸ਼ ਕੱਟਵਾ ਦਿੱਤੇ ਗਏ ਹਨ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਰਿਹਰਸਲ ਫਿਰ ਤੋਂ ਸ਼ੁਰੂ ਹੋ ਗਈ ਅਤੇ ਮੌਕੇ 'ਤੇ ਹਾਜ਼ਰ ਡਾ. ਜਸਵੀਰ ਕੌਰ ਬਾਂਹ 'ਤੇ ਸੱਟ ਲੱਗੇ ਵਿਦਿਆਰਥੀ ਦੀ ਮਲੱ੍ਹਮ ਪੱਟੀ ਕਰਨ ਲੱਗ ਪਏ। 
ਇਸ ਮੌਕੇ ਤਹਿਸੀਲਦਾਰ ਬਲਕਰਨ ਸਿੰਘ, ਸਿਟੀ ਇੰਚਾਰਜ ਰਾਮ ਲੁਭਾਇਆ, ਪਿੰ੍ਰ. ਹਰਬੰਤ ਸਿੰਘ, ਰਾਜਿੰਦਰਪਾਲ ਸਿੰਘ, ਅਮਨਦੀਪ ਸ਼ਰਮਾ, ਬੇਅੰਤ ਸਿੰਘ ਮਾਂਗਟ, ਸੁਪਰਡੈਂਟ ਬਲਵੀਰ ਸਿੰਘ, ਪ੍ਰਿੰਸੀਪਲ ਨੀਰਜਾ ਬਾਂਸਲ, ਚਰਨ ਪਾਲ ਢਿੱਲਵਾਂ, ਮੀਨੂੰ ਬਾਲਾ, ਸੰਤੋਸ਼ ਰਾਣੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸੀ ।


Related News