ਸੀਜ਼ਨ ਦੀ ਪਹਿਲੀ ਧੁੰਦ ਪਈ, ਠੰਡ ''ਚ ਠਰਦੇ ਦਿਖੇ ਲੋਕ
Sunday, Dec 14, 2025 - 04:38 PM (IST)
ਫਾਜ਼ਿਲਕਾ (ਨਾਗਪਾਲ) : ਇਲਾਕੇ ’ਚ ਠੰਡ ਸ਼ੁਰੂ ਹੋਣ ਮਗਰੋਂ ਪਹਿਲੀ ਧੁੰਦ ਪੈਣ ਨਾਲ ਜਨ-ਜੀਵਨ ਧੀਮਾ ਅਤੇ ਅਸਤ-ਵਿਅਸਤ ਹੋ ਗਿਆ। ਸਵੇਰੇ ਤੜਕੇ ਸੰਘਣੀ ਧੁੰਦ ਛਾ ਜਾਣ ਕਾਰਨ ਕਾਰਨ ਸੜਕਾਂ ’ਤੇ ਦ੍ਰਿਸ਼ਟਤਾ ਕਾਫੀ ਘੱਟ ਹੋ ਗਈ, ਜਿਸ ਨਾਲ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਆਦਾਤਰ ਵਾਹਨ ਚਾਲਕਾਂ ਨੇ ਦਿਨ ਵੇਲੇ ਹੀ ਲਾਈਟਾਂ ਜਗਾ ਰੱਖੀਆਂ ਸਨ। ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਰਹੀ ਅਤੇ ਹਾਦਸਿਆਂ ਦੇ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਸਾਵਧਾਨੀ ਨਾਲ ਯਾਤਰਾ ਕੀਤੀ। ਧੁੰਦ ਕਾਰਨ ਸਾਧਾਰਨ ਲੋਕਾਂ, ਸੁਆਣੀਆਂ ਅਤੇ ਮਜ਼ਦੂਰ ਵਰਗ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਫ਼ਰ ਕਰਨ ਵਾਲੇ ਲੋਕ ਦੇਰ ਨਾਲ ਆਪਣੇ ਕੰਮਕਾਜ ਵਾਲੀਆਂ ਥਾਵਾਂ ’ਤੇ ਪਹੁੰਚੇ।
ਬੱਸਾਂ ਅਤੇ ਹੋਰ ਜਨਤਕ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਇੰਤਜ਼ਾਰ ਕਰਨਾ ਪਿਆ। ਫਾਜ਼ਿਲਕਾ ਤੋਂ ਸਵੇਰੇ 10.20 ਵਜੇ ਬਠਿੰਡਾ ਜਾਣ ਅਤੇ 11 ਵਜੇ ਫਿਰੋਜ਼ਪੁਰ ਜਾਣ ਵਾਲੀਆਂ ਡੀ. ਐੱਮ. ਯੂ. ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਅੱਧੇ ਤੋਂ 1 ਘੰਟਾ ਲੇਟ ਚਲੀਆਂ। ਇਸ ਤੋਂ ਇਲਾਵਾ ਰੇਲ ਆਵਾਜਾਈ ਪ੍ਰਭਾਵਿਤ ਰਹੀ। ਉਧਰ ਕਿਸਾਨਾਂ ਅਨੁਸਾਰ ਧੁੰਦ ਪੈਣ ਨਾਲ ਫ਼ਸਲਾਂ ’ਤੇ ਮਿਲਿਆ ਜੁਲਿਆ ਅਸਰ ਪੈ ਸਕਦਾ ਹੈ। ਅੱਜ ਮੌਸਮ ਦੀ ਪਹਿਲੀ ਧੁੰਦ ਤੋਂ ਬਾਅਦ ਸੂਰਜ ਵੀ ਸਵੇਰੇ ਕਰੀਬ 10.30 ਤੱਕ ਨਿਕਲਿਆ।
