ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੌਰਾਨ ‘ਜੁਗਾੜ’ ਦੇ ਭਰੋਸੇ ਮੈਰੀਟੋਰੀਅਸ ਸਕੂਲ!

Tuesday, Dec 09, 2025 - 09:21 AM (IST)

ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੌਰਾਨ ‘ਜੁਗਾੜ’ ਦੇ ਭਰੋਸੇ ਮੈਰੀਟੋਰੀਅਸ ਸਕੂਲ!

ਲੁਧਿਆਣਾ (ਵਿੱਕੀ) : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੇ ਗਏ ਮੈਰੀਟੋਰੀਅਸ ਸਕੂਲ ਹੁਣ ਬਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਅਕਾਲੀ ਸਰਕਾਰ ਤੋਂ ਬਾਅਦ ਸੱਤਾ ਵਿਚ ਆਈ ਕਾਂਗਰਸ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਵਿਸ਼ੇਸ਼ ਸਕੂਲਾਂ ਦਾ ਉੱਚਿਤ ਪ੍ਰਬੰਧ ਕਰਨ ’ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। 

ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੱਚਿਆਂ ਨੂੰ ਕੁਆਲਿਟੀ ਭਰਪੂਰ ਸਿੱਖਿਆ ਦੇਣ ਅਤੇ ‘ਸਿੱਖਿਆ ਕ੍ਰਾਂਤੀ’ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਸੂਬੇ ਦੇ ਲਗਭਗ ਸਾਰੇ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਸ ਤੌਰ ’ਤੇ ਮੈਰੀਟੋਰੀਅਸ ਸਕੂਲ ਲੈਕਚਰਰ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ। ਪੱਕੀ ਭਰਤੀ ਕਰ ਕੇ ਸਿੱਖਿਆ ਦਾ ਪੱਧਰ ਸੁਧਾਰਨ ਦੀ ਬਜਾਏ ਵਿਭਾਗ ਹੁਣ ਅਸਥਾਈ (ਟੈਂਪਰੇਰੀ) ਲੈਕਚਰਰ ਦੇ ਸਹਾਰੇ ਇਨ੍ਹਾਂ ਸਕੂਲਾਂ ਦਾ ਕੰਮ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਕਾਰਜਾਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ : ਇਕੱਲੀ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ

ਅਸਥਾਈ ਪ੍ਰਬੰਧਾਂ ਲਈ 9 ਦਸੰਬਰ ਤੱਕ ਮੰਗੇ ਗਏ ਪ੍ਰਸਤਾਵ
ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਨੇ ਇਸ ਸੰਕਟ ਨਾਲ ਨਜਿੱਠਣ ਲਈ ਇਕ ਕੰਮ ਚਲਾਊ ਹੁਕਮ ਜਾਰੀ ਕੀਤਾ ਹੈ। ਵਿਭਾਗ ਵਲੋਂ ਜ਼ਿਲਾ ਸਿੱਖਿਆ ਅਫਸਰਾਂ (ਸੈਕੰਡਰੀ) ਨੂੰ ਪੱਤਰ ਲਿਖ ਕੇ ਮੈਰੀਟੋਰੀਅਸ ਸਕੂਲਾਂ ’ਚ ਖਾਲੀ ਪਏ ਲੈਕਚਰਰ ਦੇ ਅਹੁਦਿਆਂ ’ਤੇ ਤੁਰੰਤ ਅਸਥਾਈ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਕਦਮ ਉਦੋਂ ਤੱਕ ਦੇ ਲਈ ਚੁੱਕਿਆ ਗਿਆ ਹੈ, ਜਦੋਂ ਤੱਕ ਸਕੂਲਾਂ ਵਿਚ ਪੱਕੀ ਭਰਤੀ ਨਹੀਂ ਹੋ ਜਾਂਦੀ। ਸਬੰਧਤ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਜ਼ਿਲਿਆਂ ਵਿਚ ਲੈਕਚਰਰ ਦੀ ਅਸਥਾਈ ਨਿਯੁਕਤੀ ਸਬੰਧੀ ਪ੍ਰਸਤਾਵ 9 ਦਸੰਬਰ ਤੱਕ ਵਿਭਾਗ ਦੀ ਈ-ਮੇਲ ਆਈ. ਡੀ. ’ਤੇ ਭੇਜਣਾ ਯਕੀਨੀ ਬਣਾਉਣ।

ਸਹਾਇਕ ਡਾਇਰੈਕਟਰ (ਟ੍ਰਾਂਸਫਰ ਸੇਲ) ਵਲੋਂ ਜਾਰੀ ਪੱਤਰ ਵਿਚ ਇਹ ਹਦਾਇਦ ਵੀ ਦਿੱਤੀ ਗਈ ਹੈ ਕਿ ਪ੍ਰਸਤਾਵ ਭੇਜਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਿਸ ਸਕੂਲ ਤੋਂ ਅਸਥਾਈ ਵਿਵਸਥਾ ਲਈ ਅਧਿਆਪਕ ਨੂੰ ਲਿਆ ਜਾ ਰਿਹਾ ਹੈ, ਉਥੋਂ ਦੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਅਸਰ ਨਾ ਪਵੇ। ਇਹ ਨਿਰਦੇਸ਼ ਆਪਣੇ ਆਪ ’ਚ ਵਿਰੋਧੀ ਹਨ, ਕਿਉਂਕਿ ਸੂਬੇ ਦੇ ਆਮ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਇਨ੍ਹਾਂ ਜ਼ਿਲਿਆਂ 'ਚ ਹੈ ਬੁਰਾ ਹਾਲ : ਖਾਲੀ ਅਹੁਦਿਆਂ ਦਾ ਵੇਰਵਾ
ਵਿਭਾਗ ਵਲੋਂ ਜਾਰੀ ਸੂਚੀ ਮੁਤਾਬਕ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਹੁਸ਼ਿਆਰਪੁਰ (ਤਲਵਾੜਾ) ਦੇ ਮੈਰੀਟੋਰੀਅਸ ਸਕੂਲਾਂ ’ਚ ਮਹੱਤਵਪੂਰਨ ਵਿਸ਼ਿਆਂ ਦੇ ਅਹੁਦੇ ਖਾਲੀ ਪਏ ਹਨ। ਇਹ ਖਾਲੀ ਅਹੁਦੇ ਦਰਸਾਉਂਦੇ ਹਨ ਕਿ ਵਿਗਿਆਨ ਅਤੇ ਅੰਗਰੇਜ਼ੀ ਵਰਗੇ ਮੁੱਖ ਵਿਸ਼ਿਆਂ ਵਿਚ ਅਧਿਆਪਕਾਂ ਦੀ ਕਮੀ ਕਾਰਨ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਅੱਧ ਵਿਚ ਲਟਕਿਆ ਹੋਇਆ ਹੈ।

ਇਹ ਵੀ ਪੜ੍ਹੋ : ਐਪਲ ਦੀ ਵੱਡੀ ਚਿਤਾਵਨੀ! ਤੁਰੰਤ ਬੰਦ ਕਰ ਦਿਓ Google Chrome ਤੇ Google ਐਪ ਦੀ ਵਰਤੋਂ

ਵਿਸ਼ੇਵਾਰ ਖਾਲੀ ਅਸਾਮੀਆਂ ਦੀ ਸਥਿਤੀ :

ਅੰਮ੍ਰਿਤਸਰ : ਪੰਜਾਬੀ (2), ਅੰਗਰੇਜ਼ੀ (2), ਫਿਜ਼ੀਕਸ (5)
ਬਠਿੰਡਾ : ਅੰਗਰੇਜ਼ੀ (2)
ਫਿਰੋਜ਼ਪੁਰ : ਅੰਗ੍ਰੇਜ਼ੀ (3)
ਗੁਰਦਾਸਪੁਰ : ਅੰਗਰੇਜ਼ੀ (3), ਗਣਿਤ (3)
ਜਲੰਧਰ : ਪੰਜਾਬੀ (2)
ਲੁਧਿਆਣਾ : ਅੰਗ੍ਰੇਜ਼ੀ (2)
ਸੰਗਰੂਰ : ਅੰਗ੍ਰੇਜ਼ੀ (3), ਗਣਿਤ (2), ਫਿਜ਼ੀਕਸ (5)
ਤਲਵਾੜਾ ਹੁਸ਼ਿਆਰਪੁਰ : ਅੰਗਰੇਜ਼ੀ (2), ਹਿੰਦੀ ਮਾਸਟਰ ਦੀ ਵੀ ਲੋੜ ਹੈ।


author

Sandeep Kumar

Content Editor

Related News