ਦਰਦਨਾਕ ਹਾਦਸਿਆਂ ਦਾ ਕਾਰਨ ਬਣਦੇ ਨੇ ਸੜਕਾਂ ਦੇ ਕਿਨਾਰੇ ਖੜ੍ਹੇ ਟਰੱਕ-ਟਰਾਲੇ
Monday, Dec 04, 2017 - 08:08 AM (IST)
ਲੁਧਿਆਣਾ, (ਸੰਨੀ)- ਕਮਿਸ਼ਨਰੇਟ ਪੁਲਸ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਨੈਸ਼ਨਲ ਹਾਈਵੇ 'ਤੇ ਸੜਕਾਂ ਦੇ ਕਿਨਾਰੇ ਖੜ੍ਹੇ ਕੀਤੇ ਗਏ ਟਰੱਕ-ਟਰਾਲੇ ਕਿਸੇ ਬੇਕਸੂਰ ਨੂੰ ਦਰਦਨਾਕ ਮੌਤ ਦੇਣ ਲਈ ਕਾਫੀ ਹਨ। ਹਾਲਾਂਕਿ ਬੀਤੇ ਕੁਝ ਦਿਨ ਪਹਿਲਾਂ ਰਾਜ ਵਿਚ ਸਮੋਗ ਕਾਰਨ ਹੋਏ ਹਾਦਸਿਆਂ ਦੇ ਤੁਰੰਤ ਬਾਅਦ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਨੂੰ ਅਜਿਹੇ ਵਾਹਨਾਂ ਨੂੰ ਸੜਕਾਂ ਤੋਂ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਸਨ ਪਰ ਨਗਰ ਵਿਚ ਇਨ੍ਹਾਂ ਆਦੇਸ਼ਾਂ 'ਤੇ ਅਮਲ ਕਰਦੇ ਹੋਏ ਟਰੈਫਿਕ ਪੁਲਸ ਵੱਲੋਂ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਵੀ ਪ੍ਰਮੁੱਖ ਸੜਕਾਂ ਕਿਨਾਰੇ ਬਿਨਾਂ ਕਿਸੇ ਖੌਫ ਦੇ ਟਰੱਕ-ਟਰਾਲੇ ਨਿਯਮਾਂ ਦਾ ਮੂੰਹ ਚਿੜ੍ਹਾਉਂਦੇ ਹੋਏ ਸੜਕ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਜਗ ਬਾਣੀ ਵੱਲੋਂ ਅਜਿਹੇ ਹੀ ਕੁਝ ਟਰੱਕਾਂ ਨੂੰ ਕੈਮਰੇ ਵਿਚ ਕੈਦ ਕੀਤਾ ਗਿਆ ਹੈ।
ਸਰਵਿਸ ਲੇਨ ਬਣੀ ਵਰਕਸ਼ਾਪ
ਇਸ ਦੇ ਨਾਲ ਹੀ ਟਰਾਂਸਪੋਰਟ ਨਗਰ ਤੇ ਸਮਰਲਾ ਚੌਕ ਦੇ ਆਲੇ-ਦੁਆਲੇ ਕੁੱਝ ਮਕੈਨਿਕਾਂ ਨੇ ਸਰਵਿਸ ਲੇਨ ਨੂੰ ਹੀ ਆਪਣੀ ਵਰਕਸ਼ਾਪ ਦਾ ਰੂਪ ਦਿੱਤਾ ਹੈ। ਮਕੈਨਿਕ ਸਰਵਿਸ ਲੇਨ 'ਤੇ ਹੀ ਟਰੱਕਾਂ ਨੂੰ ਖੋਲ੍ਹ ਕੇ ਰਿਪੇਅਰ ਕਰਨ ਵਿਚ ਲੱਗੇ ਰਹਿੰਦੇ ਹਨ ਜਦ ਕਿ ਕੁਝ ਤਾਂ ਰਾਤ ਦੇ ਸਮੇਂ ਵੀ ਟਰੱਕਾਂ ਨੂੰ ਸਰਵਿਸ ਲੇਨ 'ਤੇ ਖੁੱਲ੍ਹਾ ਛੱਡ ਕੇ ਚਲੇ ਜਾਂਦੇ ਹਨ। ਕਰੀਬ ਦੋ ਸਾਲ ਪਹਿਲਾਂ ਟਰੈਫਿਕ ਪੁਲਸ ਨੇ ਸਰਵਿਸ ਲੇਨ ਖਾਲੀ ਕਰਵਾਉਣ ਲਈ ਮੁਹਿੰਮ ਛੇੜੀ ਸੀ ਪਰ ਕੁਝ ਦਿਨਾਂ ਵਿਚ ਇਸ ਨੂੰ ਬੰਦ ਕਰ ਦਿੱਤਾ ਗਿਆ।
ਅਜਿਹੇ ਟਰੱਕ ਕਾਰਨ ਜਾਨ ਗੁਆ ਚੁੱਕੇ ਹਨ ਮਾਂ-ਪੁੱਤਰ
ਬੀਤੇ ਦਿਨੀਂ ਨੇੜਲੇ ਕਸਬੇ ਦੋਰਾਹਾ ਵਿਚ ਹਾਈਵੇ ਦੇ ਕਿਨਾਰੇ ਖੜ੍ਹੇ ਅਜਿਹੇ ਟਰੱਕ ਕਾਰਨ ਮੁੱਲਾਂਪੁਰ ਦਾਖਾ ਦੇ ਰਹਿਣ ਵਾਲੇ ਮਾਂ ਪੁੱਤ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ। ਕਾਰ ਚਲਾ ਰਹੇ ਪੁੱਤਰ ਨੂੰ ਹਾਈਵੇ ਦੇ ਕਿਨਾਰੇ ਖੜ੍ਹੇ ਟਰੱਕ ਕਾਰਨ ਰਸਤਾ ਨਹੀਂ ਮਿਲਿਆ ਤੇ ਤੇਜ਼ ਰਫਤਾਰ ਕਾਰ ਟਰੱਕ ਨਾਲ ਇਸ ਕਦਰ ਟਕਰਾਈ ਕਿ ਕਾਰ ਦੇ ਪਰਖਚੇ ਉਡ ਗਏ ਤੇ ਕਾਰ ਚਲਾ ਰਹੇ ਪੁੱਤਰ ਤੇ ਉਸ ਦੀ ਮਾਂ ਦੀ ਦਰਦਨਾਕ ਮੌਤ ਹੋ ਗਈ।
ਧੁੰਦ ਸਮੇਂ ਅਜਿਹੇ ਵਾਹਨ ਵੱਧ ਖਤਰਨਾਕ
ਸੜਕਾਂ ਦੇ ਕਿਨਾਰੇ ਨਾਜਾਇਜ਼ ਤਰੀਕੇ ਨਾਲ ਖੜ੍ਹੇ ਕੀਤੇ ਗਏ ਟਰੱਕ ਟਰਾਲੇ ਧੁੰਦ ਦੇ ਮੌਸਮ ਵਿਚ ਤਾਂ ਯਮਰਾਜ ਬਣ ਜਾਂਦੇ ਹਨ। ਜ਼ਿਆਦਾਤਰ ਵਾਹਨਾਂ ਦੇ ਪਿੱਛੇ ਰਿਫਲੈਕਟਰ ਵੀ ਨਹੀਂ ਲੱਗੇ ਹੁੰਦੇ ਜੋ ਭਾਰੀ ਧੁੰਦ ਦੌਰਾਨ ਪਿਛੋਂ ਆ ਰਹੇ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ, ਜਿਸ ਦਾ ਨਤੀਜਾ ਸੜਕ ਹਾਦਸਿਆਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਅਤੇ ਕਈ ਲੋਕ ਭਿਆਨਕ ਕਾਲ ਦਾ ਗ੍ਰਾਸ ਬਣ ਜਾਂਦੇ ਹਨ।
