ਮਾਂ ਵੈਸ਼ਨੋ ਦੇਵੀ ਯਾਤਰਾ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਕਾਰਨ ਭਗਤਾਂ ਦੇ ਮਨਾਂ ''ਚ ਗਹਿਰਾ ਰੋਸ

03/08/2018 3:27:46 AM

ਸੁਲਤਾਨਪੁਰ ਲੋਧੀ, (ਧੀਰ)- ਹਿੰਦੂ ਧਰਮ 'ਚ ਸਭ ਤੋਂ ਅਹਿਮ ਤੇ ਪਵਿੱਤਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਮੰਨੀ ਜਾਂਦੀ ਹੈ। ਸ਼੍ਰਾਈਨ ਬੋਰਡ ਦੀ ਸਥਾਪਨਾ ਤੋਂ ਬਾਅਦ ਇਸ ਯਾਤਰਾ ਨੂੰ ਸੁਗਮ ਤੇ ਵਧੀਆ ਬਣਾਉਣ 'ਚ ਵਿਆਪਕ ਸੁਧਾਰ ਤੇ ਤਬਦੀਲੀ ਹੋਈ ਸੀ, ਜਿਸ ਕਾਰਨ ਹਰ ਸਾਲ ਮਾਂ ਦੇ ਦਰਬਾਰ 'ਚ ਭਗਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼੍ਰਾਈਨ ਬੋਰਡ ਦਾ ਸੰਚਾਲਨ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਹੱਥਾਂ 'ਚ ਹੋਣ ਦੇ ਬਾਵਜੂਦ ਬੀਤੇ ਕੁਝ ਸਾਲਾਂ ਤੋਂ ਇਸ ਯਾਤਰਾ ਦੌਰਾਨ ਯਾਤਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਕਾਰਨ ਮਾਂ ਦੇ ਭਗਤਾਂ ਦੇ ਮਨਾਂ ਨੂੰ ਕਾਫੀ ਗਹਿਰੀ ਠੇਸ ਲੱਗਦੀ ਹੈ, ਜਿਸ ਨੂੰ ਸੁਧਾਰਨ ਤੇ ਦੂਰ ਕਰਨ ਵਾਸਤੇ ਮਾਂ ਭਗਤਾਂ ਮੰਗੀ ਟੰਡਨ ਤੇ ਰਾਕੇਸ਼ ਧੀਰ ਨੇ ਸ਼੍ਰਾਈਨ ਬੋਰਡ ਦੇ ਮੁਖੀ ਰਾਜਪਾਲ ਕੋਲੋਂ ਮੰਗ ਕੀਤੀ ਹੈ। 
ਘੋੜੇ, ਪਿੱਠੂ ਤੇ ਪਾਲਕੀ ਵਾਲੇ ਕਰਦੇ ਹਨ ਮਨਮਰਜ਼ੀ ਨਾਲ ਰੇਟ ਵਸੂਲ 
ਹਰ ਸਾਲ ਮਾਂ ਦੀ ਯਾਤਰਾ 'ਤੇ ਵੱਡੀ ਗਿਣਤੀ 'ਚ ਭਗਤਾਂ ਨੂੰ ਲਿਜਾਣ ਵਾਲੇ ਮਾਂ ਵੈਸ਼ਨੋ ਦੇਵੀ ਸੇਵਾ ਦਲ ਦੇ ਪ੍ਰਧਾਨ ਮੰਗੀ ਟੰਡਨ, ਸੈਕਟਰੀ ਰਾਕੇਸ਼ ਥਿੰਦ, ਕੈਸ਼ੀਅਰ ਲੱਕੀ ਧੀਰ ਨੇ ਦੱਸਿਆ ਕਿ ਸ਼੍ਰਾਈਨ ਬੋਰਡ ਵਲੋਂ ਭਗਤਾਂ ਨੂੰ ਮਾਂ ਦੇ ਦਰਬਾਰ 'ਚ ਲੈ ਕੇ ਜਾਣ ਵਾਲੇ ਘੋੜੇ, ਪਿੱਠੂ ਤੇ ਪਾਲਕੀ ਦੇ ਰੇਟ ਤੈਅ ਕਰਨ ਤੇ ਲਿਖਣ ਦੇ ਬਾਵਜੂਦ ਘੋੜੇ ਵਾਲੇ ਤੇ ਪਾਲਕੀ ਵਾਲੇ ਆਪਣੀ ਮਨਮਰਜ਼ੀ ਦੇ ਰੇਟ ਭਗਤਾਂ ਦੇ ਕੋਲ ਮੰਗਦੇ ਹਨ। ਪੈਸੇ ਜ਼ਿਆਦਾ ਨਾ ਦੇਣ 'ਤੇ ਉਹ ਯਾਤਰੀ ਨੂੰ ਯਾਤਰਾ ਕਰਵਾਉਣ ਤੋਂ ਹੀ ਇਨਕਾਰ ਕਰ ਦਿੰਦੇ ਹਨ। ਯਾਤਰਾ ਦੇ ਰਸਤੇ 'ਚ ਫਿਰ ਰੋਕ ਕੇ ਯਾਤਰਾ ਦੇ ਰੇਟ ਤੋਂ ਇਲਾਵਾ ਯਾਤਰੀ ਦੇ ਕੋਲ ਚਾਹ, ਪਕੌੜੇ ਆਦਿ ਪੀਣ ਖਾਣ ਵਾਸਤੇ ਹੋਰ ਪੈਸਿਆਂ ਦੀ ਮੰਗ ਕਰਦੇ ਹਨ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੜ੍ਹਾਈ ਕਰਦੇ ਸਮੇਂ ਘੋੜੇ ਵਾਲੇ ਪੈਦਲ ਯਾਤਰੀ ਨੂੰ ਕਰਦੇ ਹਨ ਪ੍ਰੇਸ਼ਾਨ
 13 ਕਿਲੋਮੀਟਰ ਦੀ ਲੰਬੀ ਤੇ ਉੱਚੀ ਚੜ੍ਹਾਈ ਚੜ੍ਹ ਕੇ ਪੈਦਲ ਜਾਣ ਵਾਲੇ ਯਾਤਰੀ ਇਨ੍ਹਾਂ ਘੋੜੇ ਵਾਲਿਆਂ ਤੋਂ ਬਹੁਤ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਚੜ੍ਹਾਈ ਕਰਦੇ ਸਮੇਂ ਇਹ ਘੋੜੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਵੀ ਕਰ ਦਿੰਦੇ ਹਨ। ਯਾਤਰੀਆਂ ਵੱਲੋਂ ਕਹਿਣ 'ਤੇ ਇਹ ਘੋੜੇ ਵਾਲੇ ਉਨ੍ਹਾਂ ਨਾਲ ਬਦਸਲੂਕੀ ਵੀ ਕਰਦੇ ਹਨ।
ਬਾਣ ਗੰਗਾ ਦੀ ਸਫਾਈ ਦਾ ਬੁਰਾ ਹਾਲ 
ਯਾਤਰਾ ਲਈ ਚੜ੍ਹਾਈ ਕਰਨ ਸਮੇਂ ਪਹਿਲਾਂ ਯਾਤਰੀ ਬਾਣ ਗੰਗਾ 'ਚ ਇਸ਼ਨਾਨ ਕਰ ਕੇ ਅੱਗੇ ਯਾਤਰਾ ਸ਼ੁਰੂ ਕਰਦੇ ਸਨ ਪਰ ਕੁਝ ਸਾਲਾਂ ਤੋਂ ਬਾਣ ਗੰਗਾ ਦੀ ਨਾ ਤਾਂ ਠੀਕ ਢੰਗ ਨਾਲ ਸਫਾਈ ਹੋ ਰਹੀ ਹੈ ਤੇ ਨਾ ਹੀ ਹੁਣ ਬਾਣ ਗੰਗਾ 'ਚ ਪਾਣੀ ਹੁੰਦਾ ਹੈ। ਗੰਦਗੀ ਕਾਰਨ ਹੁਣ ਯਾਤਰੀ ਵਲੋਂ ਬਾਣ ਗੰਗਾ 'ਚ ਇਸ਼ਨਾਨ ਕਰ ਕੇ ਮਾਂ ਦੇ ਦਰਸ਼ਨ ਕਰਨ ਦੀ ਤਮੰਨਾ ਮਨ 'ਚ ਹੀ ਰਹਿ ਜਾਂਦੀ ਹੈ।
ਯਾਤਰਾਂ ਦੌਰਾਨ ਰਸਤੇ 'ਚ ਗੰਦਗੀ ਦਾ ਆਲਮ 
ਚੜ੍ਹਾਈ ਕਰਦੇ ਸਮੇਂ ਯਾਤਰਾ ਦੇ ਰਸਤੇ 'ਚ ਘੋੜੇ ਵਲੋਂ ਲਿੱਦ ਆਦਿ ਖਿਲਾਰਨ ਤੇ ਗੰਦਗੀ ਦਾ ਆਲਮ ਰਹਿੰਦਾ ਹੈ। ਸਫਾਈ ਸੇਵਕਾਂ ਵੱਲੋਂ ਸਫਾਈ ਕਰਦੇ ਸਮੇਂ ਇਸ ਦੀ ਧੂੜ ਪੈਦਲ ਤੇ ਸਾਹ ਦੀ ਬੀਮਾਰੀ ਵਾਲੇ ਯਾਤਰੀ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ। ਸਫਾਈ ਕਰਨ ਤੋਂ ਬਾਅਦ ਗੰਦਗੀ ਨੂੰ ਸਾਈਡ 'ਤੇ ਹੀ ਢੇਰ ਦੇ ਰੂਪ 'ਚ ਇਕੱਠਾ ਕਰ ਦਿੱਤਾ ਜਾਂਦਾ ਹੈ, ਜੋ ਬਾਅਦ 'ਚ ਫਿਰ ਤੋਂ ਰਸਤੇ 'ਚ ਪੈਰਾਂ ਤੇ ਘੋੜੇ ਦੇ ਖੁਰ ਨਾਲ ਖਿੱਲਰ ਜਾਂਦੀ ਹੈ। 
ਐੱਨ. ਜੀ. ਟੀ. ਵੱਲੋਂ ਜਾਰੀ ਹਦਾਇਤਾਂ ਦੀਆਂ ਉੱਡ ਰਹੀਆਂ ਧੱਜੀਆਂ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਵਾਤਾਵਰਣ ਪੱਖੋਂ ਸਾਫ ਸਵੱਛ ਤੇ ਸੁੰਦਰ ਬਣਾਉਣ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਯਾਤਰਾ ਦੇ ਆਧਾਰ ਸ਼ਿਵਰ ਕੱਟੜਾ ਤੇ ਇਥੋਂ ਤਕ ਕਿ ਮਾਂ ਦੇ ਦਰਬਾਰ ਦੇ ਨਜ਼ਦੀਕ ਵੀ ਗੰਦਗੀ ਦੀ ਭਰਮਾਰ ਹੋਣ ਕਾਰਨ ਯਾਤਰੀ ਨੂੰ ਬਦਬੂ ਦਾ ਸਾਹਮਣਾ ਕਰਦੇ ਹੋਏ ਮਜਬੂਰਨ ਗੁਜਰਨਾ ਪੈਂਦਾ ਹੈ। ਕੂੜੇ ਲਈ ਲੱਗੇ ਕੂੜਾਦਾਨ ਦੇ ਬਾਵਜੂਦ ਰਸਤੇ 'ਚ ਪਾਲੀਥੀਨ ਤੇ ਹੋਰ ਕਚਰਾ ਖਿੱਲਰਿਆ ਰਹਿੰਦਾ ਹੈ, ਜਿਸ ਕਾਰਨ ਭਗਤਾਂ ਦੇ ਮਨ ਨੂੰ ਦੁੱਖ ਪਹੁੰਚਦਾ ਹੈ। 
ਯਾਤਰੀ ਦਰਬਾਰ ਦੇ ਨਜ਼ਦੀਕ ਰਸਤੇ ਤੇ ਜ਼ਮੀਨ 'ਤੇ ਸੌਣ ਨੂੰ ਮਜਬੂਰ  
ਸ਼੍ਰਾਈਨ ਬੋਰਡ ਵਲੋਂ ਬਣਾਈਆਂ ਸਰਾਵਾਂ 'ਚ ਜਗ੍ਹਾ ਨਾ ਮਿਲਣ ਕਾਰਨ ਯਾਤਰੀ ਰਾਤ ਨੂੰ ਬਾਹਰ ਸਰਦੀ 'ਚ ਹੀ ਜ਼ਮੀਨ 'ਤੇ ਸੌ ਕੇ ਰਾਤ ਕੱਟਣ ਨੂੰ ਮਜਬੂਰ ਹੋ ਜਾਂਦਾ ਹੈ। ਪੁੱਛਣ 'ਤੇ ਯਾਤਰੀ ਦੱਸਦੇ ਹਨ ਕਿ ਕਈ ਸਰਾਵਾਂ 'ਚ ਜਗ੍ਹਾ ਹੋਣ ਦੇ ਬਵਜੂਦ ਸੰਚਾਲਕ ਕਮਰੇ ਨਹੀਂ ਦਿੰਦੇ ਤੇ ਜਿਸ ਕਾਰਨ ਮਜਬੂਰ ਹੋ ਕੇ ਬਾਹਰ ਸੜਕ 'ਤੇ ਹੀ ਸੌਣਾ ਪੈਂਦਾ ਹੈ। 
ਸ਼੍ਰਾਈਨ ਬੋਰਡ 'ਤੇ ਵੀ. ਆਈ. ਪੀ. ਕਲਚਰ ਹਾਵੀ 
ਯਾਤਰਾ ਦੌਰਾਨ ਹੈਲੀਕਾਪਟਰ ਦੀ ਸੇਵਾ ਆਨਲਾਈਨ ਪੂਰੀ ਹੋਣ ਦੇ ਉਪਰੰਤ ਯਾਤਰੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵੇਰੇ 4 ਵਜੇ ਤੋਂ ਹੀ ਤਤਕਾਲ ਖਿੜਕੀ ਦੇ ਅੱਗੇ ਹੈਲੀਕਾਪਟਰ ਦੀ ਸੁਵਿਧਾ ਲੈਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਪਰ 7 ਵਜੇ ਖਿੜਕੀ 'ਤੇ ਸਿਫਾਰਸ਼ੀ ਤੇ ਵੀ. ਆਈ. ਪੀ. ਲੋਕਾਂ ਨੂੰ ਪਰਚੀ ਦੇਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕਈ ਯਾਤਰੀਆਂ ਦੀ ਮੁਰਾਦ ਅਧੂਰੀ ਹੀ ਰਹਿ ਜਾਂਦੀ ਹੈ। ਸ਼੍ਰਾਈਨ ਬੋਰਡ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਬਜ਼ੁਰਗਾਂ, ਬੱਚਿਆਂ ਤੇ ਅਪਾਹਜਾਂ ਲਈ ਵੀ ਸਪੈਸ਼ਲ ਕਾਊਂਟਰ ਲਗਾ ਕੇ ਉਨ੍ਹਾਂ ਨੂੰ ਸੇਵਾ ਉਪਲੱਬਧ ਕਰਵਾਉਣੀ ਚਾਹੀਦੀ ਹੈ। 
ਕੀ ਕਹਿੰਦੇ ਹਨ ਯਾਤਰਾ ਦੇ ਇੰਚਾਰਜ  
ਇਸ ਸਬੰਧੀ ਜਦੋਂ ਯਾਤਰਾ ਦੇ ਇੰਚਾਰਜ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘੋੜੇ, ਪਿੱਠੂ ਤੇ ਪਾਲਕੀ ਵਾਲਿਆਂ ਵੱਲੋਂ ਮਨਮਰਜ਼ੀ ਦੇ ਰੇਟ ਲੈਣ ਦੀਆਂ ਸ਼ਿਕਾਇਤਾਂ ਰਾਜਪਾਲ ਤੇ ਪ੍ਰਮੁੱਖ ਸ਼੍ਰਾਈਨ ਬੋਰਡ ਦੇ ਕੋਲ ਪਹੁੰਚਾ ਦਿੱਤੀਆਂ ਹਨ, ਬਾਕੀ ਯਾਤਰਾ ਦੌਰਾਨ ਯਾਤਰੀ ਦੀ ਅਸੁਵਿਧਾ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।


Related News