ਜ਼ਮੀਨ ਹੜੱਪਣ ਲਈ ਪੁੱਤ ਨੇ ਮਾਸੜ ਨਾਲ ਮਿਲ ਕੇ ਮਾਂ ਦੇ ਸਿਰ ’ਚ ਮਾਰੀ ਕਹੀ

Wednesday, May 29, 2024 - 12:03 PM (IST)

ਜ਼ਮੀਨ ਹੜੱਪਣ ਲਈ ਪੁੱਤ ਨੇ ਮਾਸੜ ਨਾਲ ਮਿਲ ਕੇ ਮਾਂ ਦੇ ਸਿਰ ’ਚ ਮਾਰੀ ਕਹੀ

ਫ਼ਰੀਦਕੋਟ (ਰਾਜਨ) : ਜ਼ਮੀਨ ਜਾਇਦਾਦਾਂ ਦੇ ਲਾਲਚ ਵਿਚ ਇਨਸਾਨੀ ਰਿਸ਼ਤੇ ਕਿਸ ਹੱਦ ਤੱਕ ਤਾਰ ਤਾਰ ਹੋ ਰਹੇ ਹਨ, ਇਸ ਦੀ ਜਿਊਂਦੀ ਜਾਗਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਸਥਾਨਕ ਜਰਮਨ ਕਾਲੋਨੀ ਨਿਵਾਸੀ ਬਜ਼ੁਰਗ ਔਰਤ ਨੂੰ ਜ਼ਮੀਨ ਹੜੱਪਣ ਦੇ ਲਾਲਚ ਵਿਚ ਉਸ ਦੇ ਪੁੱਤ ਨੇ ਹੀ ਮਾਸੜ ਨਾਲ ਮਿਲ ਕੇ ਸਿਰ ਵਿਚ ਕਹੀ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿਚ ਸਥਾਨਕ ਥਾਣਾ ਸਦਰ ਵਿਖੇ ਪਿੰਡ ਸਿਰਸੜੀ ਨਿਵਾਸੀ ਦੋ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਥਾਨਕ ਮੈਡੀਕਲ ਹਸਪਤਾਲ ਵਿਖੇ ਜ਼ੇਰੇ ਇਲਾਜ ਬਜ਼ੁਰਗ ਔਰਤ ਹਰਪ੍ਰੀਤ ਕੌਰ ਦੀ ਲੜਕੀ ਗੁਰਸ਼ਨਪ੍ਰੀਤ ਕੌਰ ਹਾਲ ਵਾਸੀ ਕੰਮੇਆਣਾ ਰੋਡ, ਜਰਮਨ ਕਾਲੋਨੀ ਫ਼ਰੀਦਕੋਟ ਨੇ ਪੁਲਸ ਬਿਆਨ ਕੀਤਾ ਕਿ ਉਸ ਦੇ ਭਰਾ ਸੁਖਮੀਤ ਸਿੰਘ ਨੂੰ ਉਸ ਦੀ ਮਾਸੀ ਅਤੇ ਮਾਸੜ ਦੋਸ਼ੀ ਗੁਰਮੁਖ ਸਿੰਘ ਵਾਸੀ ਪਿੰਡ ਸਿਰਸੜੀ ਨੇ ਕੋਈ ਔਲਾਦ ਨਾ ਹੋਣ ਕਰਕੇ ਗੋਦ ਲੈ ਲਿਆ ਸੀ।

ਬਿਆਨ ਕਰਤਾ ਨੇ ਦੋਸ਼ ਲਾਇਆ ਕਿ ਬੀਤੀ 26 ਮਈ ਨੂੰ ਉਸ ਦਾ ਭਰਾ ਸੁਖਮੀਤ ਸਿੰਘ ਅਤੇ ਮਾਸੜ ਗੁਰਮੁਖ ਸਿੰਘ ਆਏ ਅਤੇ ਉਨ੍ਹਾਂ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬਿਆਨਕਰਤਾ ਦੀ ਮਾਤਾ ਹਰਪ੍ਰੀਤ ਕੌਰ ਦੇ ਸਿਰ ਵਿਚ ਕਹੀ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਇਸ ਵੇਲੇ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿਚ ਦਰਜ ਮੁਕੱਦਮੇ ਦੇ ਉਕਤ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


author

Gurminder Singh

Content Editor

Related News