ਬੁਨਿਆਦੀ ਸਹੂਲਤਾਂ ਤੋਂ ਵਾਂਝੈ ਰੋਜ਼ਾਨਾ 40 ਲੱਖ ‘ਕਮਾਉਣ’ ਵਾਲਾ ਰੇਲਵੇ ਸਟੇਸ਼ਨ

Tuesday, Jun 26, 2018 - 02:54 AM (IST)

ਬੁਨਿਆਦੀ ਸਹੂਲਤਾਂ ਤੋਂ ਵਾਂਝੈ ਰੋਜ਼ਾਨਾ 40 ਲੱਖ ‘ਕਮਾਉਣ’ ਵਾਲਾ ਰੇਲਵੇ ਸਟੇਸ਼ਨ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਬਰਨਾਲਾ ਰੇਲਵੇ ਸਟੇਸ਼ਨ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ।  ਉਂਝ ਇਸ  ਨੂੰ ਆਦਰਸ਼ ਰੇਲਵੇ ਸਟੇਸ਼ਨ ਦਾ ਦਰਜਾ ਪ੍ਰਾਪਤ ਹੈ। ਅਤੇ ਇਥੋਂ  ਰੋਜ਼ਾਨਾ ਕਰੀਬ 40 ਗੱਡੀਆਂ ਗੁਜ਼ਰਦੀਆਂ ਹਨ,  ਜਿਨ੍ਹਾਂ ’ਚ 8 ਪੈਸੰਜਰ  ਹਨ, ਹਫਤੇ ਵਿਚ 2 ਸਪੈਸ਼ਲ ਗੱਡੀਆਂ  ਅਤੇ ਬਾਕੀ ਮਾਲਗੱਡੀਆਂ  ਸ਼ਾਮਲ ਹਨ। ਰੇਲਵੇ  ਨੂੰ ਬਰਨਾਲਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਦੀ ਕਰੀਬ 40 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਇਕ ਲੱਖ 60 ਹਜ਼ਾਰ ਰੁਪਏ ਦੀ ਰੋਜ਼ਾਨਾ ਰੇਲ ’ਚ ਸਫਰ ਕਰਨ ਵਾਲੇ ਮੁਸਾਫਰਾਂ ਤੋਂ ਆਮਦਨ ਆਉਂਦੀ ਹੈ। ਜਦੋਂ ਕਿ ਮਾਲ ਢੁਆਈ ਤੋਂ 11 ਕਰੋਡ਼ ਦੇ ਕਰੀਬ ਮਹੀਨੇ ਦੀ  ਕਮਾਈ  ਹੁੰਦੀ ਹੈ। ਇਸ ਦੇ ਬਾਵਜੂਦ ਯਾਤਰੀਆਂ ਨੂੰ ਰੇਲਵੇ ਸਟੇਸ਼ਨ ’ਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੁਸਾਫਰਾਂ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਹੈ।  
ਮੁਸਾਫਰ ਦੂਸ਼ਿਤ ਪਾਣੀ ਪੀਣ ਲਈ ਮਜਬੂਰ  
ਅੱਜਕਲ ਪੈ ਰਹੀ ਤੇਜ਼ ਗਰਮੀ ’ਚ ਪਾਣੀ ਮੁੱਢਲੀ  ਜ਼ਰੂਰਤ  ਹੈ। ਰੇਲਵੇ ਸਟੇਸ਼ਨ ’ਤੇ ਇਕ ਹੀ ਵਾਟਰ ਕੂਲਰ ਹੈ, ਜਿਸ ’ਤੇ ਵੀ ਫਿਲਟਰ ਨਹੀਂ ਲੱਗਾ ਹੋਇਆ। ਬਰਨਾਲਾ ਦੇ ਪਾਣੀ ਵਿਚ ਬਹੁਤ ਹੀ ਸ਼ੋਰਾ ਹੈ ਅਤੇ ਬਿਨਾਂ ਫਿਲਟਰ ਕੀਤੇ ਪਾਣੀ ਪੀਣਯੋਗ ਨਹੀਂ। ਰੇਲਵੇ ਸਟੇਸ਼ਨ ’ਤੇ ਫਿਲਟਰ ਨਾ ਹੋਣ ਕਾਰਨ  ਮੁਸਾਫਰ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ। ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਥੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਬਾਵਜੂਦ  ਸਾਰੇ  ਮੁਸਾਫਰਾਂ ਨੂੰ ਠੰਡਾ ਪਾਣੀ ਨਹੀਂ ਮਿਲ ਰਿਹਾ। ਉਹ ਮਹਿੰਗੇ ਭਾਅ ’ਤੇ ਪਾਣੀ ਦੀਆਂ ਬੋਤਲਾਂ ਖਰੀਦਣ ਨੂੰ ਮਜਬੂਰ ਹੁੰਦੇ ਹਨ। 
ਪਲੇਟਫਾਰਮ ਲਈ ਨਹੀਂ ਹੈ ਜਨਰੇਟਰ
 ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ  ਲਈ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਸਟੇਸ਼ਨ ’ਤੇ ਕਈ ਗੱਡੀਆਂ ਰਾਤ ਦੇ ਸਮੇਂ ਆਉਂਦੀਆਂ ਹਨ। ਜੇਕਰ ਰੇਲਵੇ ਸਟੇਸ਼ਨ ਦੀ ਲਾਈਟ ਚਲੀ ਜਾਵੇ ਤਾਂ ਪਲੇਟਫਾਰਮ ’ਤੇ ਚਾਰੇ ਪਾਸੇ ਹਨੇਰਾ ਛਾ ਜਾਂਦਾ ਹੈ। ਸਫਰ  ਕਰਦੇ ਸਮੇਂ ਮੁਸਾਫਰਾਂ ਦੇ ਕੋਲ ਭਾਰੀ ਮਾਤਰਾ ’ਚ ਕੀਮਤੀ ਸਾਮਾਨ ਹੁੰਦਾ ਹੈ, ਜਿਸ ਦੀ ਕੋਈ ਸੁਰੱਖਿਆ ਨਹੀਂ। ਰਾਤ ਸਮੇਂ ਅੌਰਤਾਂ ਦੀ ਸੁਰੱਖਿਆ ਵੀ ਰੱਬੇ ਆਸਰੇ ਹੀ ਰਹਿ ਜਾਂਦੀ ਹੈ। ਜੇਕਰ ਹਨੇਰੇ ’ਚ ਗੱਡੀ ਆ ਜਾਵੇ ਤਾਂ ਮੁਸਾਫਰਾਂ ਨੂੰ ਗੱਡੀ ਵਿਚ ਚਡ਼੍ਹਨ ਵਿਚ ਵੀ ਭਾਰੀ ਮੁਸ਼ਕਲ ਪੇਸ਼ ਆਵੇਗੀ ਅਤੇ  ਉਨ੍ਹਾਂ ਦੀ ਜਾਨ ਨੂੰ ਖਤਰਾ ਵੀ ਹਰ ਸਮੇਂ ਬਣਿਆ ਰਹਿੰਦਾ ਹੈ। 
ਸ਼ਰਾਰਤੀ  ਅਨਸਰਾਂ  ’ਤੇ ਨਜ਼ਰ ਰੱਖਣ ਦਾ ਨਹੀਂ ਇੰਤਜ਼ਾਮ
ਰੇਲਵੇ ਸਟੇਸ਼ਨ ’ਤੇ ਕਰੀਬ  5 ਹਜ਼ਾਰ ਦੇ ਕਰੀਬ ਲੋਕ ਰੋਜ਼ਾਨਾ ਆਉਂਦੇ ਹਨ। 3 ਹਜ਼ਾਰ ਦੇ ਲਗਭਗ ਤਾਂ ਲੋਕ ਇਥੋਂ ਯਾਤਰਾ ਕਰਦੇ ਹਨ, ਜਿਸ  ਕਾਰਨ  ਇਥੇ  ਕਾਫੀ  ਭੀੜ  ਹੁੰਦੀ  ਹੈ। ਕੁਝ ਵਰ੍ਹੇ ਪਹਿਲਾਂ ਰੇਲਵੇ ਸਟੇਸ਼ਨ ਦੇ ਮੇਨ ਗੇਟ ’ਚ ਮੈਟਲ  ਡਿਟੈਕਟਰ ਲੱਗਿਆ ਹੋਇਆ ਸੀ,  ਜੋ ਖਰਾਬ ਹੋ ਗਿਆ। ਇਸ  ਤੋਂ ਬਾਅਦ ਉਥੇ ਮੈਟਲ ਡਿਟੈਕਟਰ ਨਹੀਂ  ਲਾਇਆ ਗਿਆ। ਨਾ ਹੀ ਰੇਲਵੇ ਸਟੇਸ਼ਨ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਜਦੋਂ ਕਿ  ਭੀਡ਼ ਵਾਲੇ ਇਲਾਕੇ ਵਿਚ ਸੀ. ਸੀ. ਟੀ. ਵੀ. ਕੈਮਰੇ ਹੋਣੇ ਬਹੁਤ ਜ਼ਰੂਰੀ ਹਨ।


Related News