ਡਿਵਾਈਡਰਾਂ ਦੇ ਵਿਚਕਾਰ ਬਣੇ ਕੱਟ ਬਣ ਰਹੇ ਹਨ ਸੜਕ ਹਾਦਸਿਆਂ ਦਾ ਕਾਰਨ
Monday, Oct 30, 2017 - 12:44 AM (IST)
ਨਵਾਂਸ਼ਹਿਰ, (ਤ੍ਰਿਪਾਠੀ)- ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਬੰਗਾ ਰੋਡ 'ਤੇ ਸ਼ੂਗਰ ਮਿੱਲ ਰੇਲਵੇ ਫਾਟਕ ਤੋਂ ਲੈ ਕੇ ਚੰਡੀਗੜ੍ਹ ਰੋਡ 'ਤੇ ਪੈਰਿਸ ਹੋਟਲ ਤੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਵਾਈਡਰ ਬਣਾਏ ਗਏ ਹਨ ਪਰ ਇਨ੍ਹਾਂ ਡਿਵਾਈਡਰਾਂ ਦੇ ਵਿਚਕਾਰ ਲੋੜ ਤੋਂ ਵੱਧ ਛੱਡੇ ਗਏ ਕੱਟ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਜਿਸ ਕਾਰਨ ਜਿਥੇ ਵੱਡਮੁੱਲਾ ਜੀਵਨ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਬਣ ਰਿਹਾ ਹੈ, ਉਥੇ ਹੀ ਵਾਹਨਾਂ ਤੇ ਹੋਰ ਪ੍ਰਾਪਰਟੀ ਦਾ ਵੀ ਨੁਕਸਾਨ ਹੋ ਰਿਹਾ ਹੈ। ਵਰਣਨਯੋਗ ਹੈ ਕਿ ਚੰਡੀਗੜ੍ਹ ਰੋਡ 'ਤੇ ਸਰਕਾਰੀ ਸੀ. ਸੈ. ਸਕੂਲ ਤੇ ਜੇ. ਐੱਸ. ਐੱਫ. ਐੱਚ. ਸਕੂਲ ਕੋਲ ਬਣੇ ਇਨ੍ਹਾਂ ਕੱਟਾਂ ਕਾਰਨ ਵਾਪਰੇ ਹਾਦਸਿਆਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਕਈ ਕੱਟ ਬੰਦ ਕਰ ਦਿੱਤੇ ਗਏ ਸਨ ਪਰ ਅਜੇ ਵੀ ਕਈ ਹੋਰ ਕੱਟ ਅਜਿਹੇ ਹਨ, ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਜ਼ਰੂਰਤ ਤੋਂ ਵੱਧ ਕੱਟ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
3 ਕਿਲੋਮੀਟਰ ਦੇ ਰਸਤੇ 'ਤੇ ਬਣੇ ਡਿਵਾਈਡਰਾਂ 'ਚ ਲੋੜ ਤੋਂ ਵੱਧ ਕੱਟ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸੰਬੰਧ 'ਚ 'ਜਗ ਬਾਣੀ' ਦੇ ਪਾਠਕਾਂ ਨਾਲ ਗੱਲ ਕੀਤੀ ਗਈ ਤਾਂ ਆਰੀਆ ਪ੍ਰਤੀਨਿਧੀ ਸਭਾ ਜਲੰਧਰ ਦੇ ਮਹਾਮੰਤਰੀ ਤੇ ਆਰੀਆ ਸਮਾਜ ਨਵਾਂਸ਼ਹਿਰ ਦੇ ਪ੍ਰਧਾਨ ਪ੍ਰੇਮ ਭਾਰਦਵਾਜ ਅਤੇ ਡੀ.ਏ.ਐੱਨ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਧਾਨ ਵਿਨੋਦ ਭਾਰਦਵਾਜ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਨਵਾਂਸ਼ਹਿਰ ਆਉਣ ਵਾਲਾ ਤੇਜ਼ ਰਫ਼ਤਾਰ ਟ੍ਰੈਫਿਕ ਜਦੋਂ ਇਨ੍ਹਾਂ ਡਿਵਾਈਡਰਾਂ ਦੇ ਖ਼ੇਤਰ 'ਚ ਦਾਖ਼ਲ ਹੁੰਦਾ ਹੈ ਤਾਂ ਉਸੇ ਰਫ਼ਤਾਰ 'ਤੇ ਹੋਣ ਕਾਰਨ ਤੇ ਡਿਵਾਈਡਰਾਂ ਨੂੰ ਕੱਟਾਂ ਦਾ ਅਨੁਮਾਨ ਨਾ ਹੋਣ ਕਾਰਨ ਆਮ ਤੌਰ 'ਤੇ ਕੱਟ ਦੇ ਵਿਚਕਾਰੋਂ ਯੂ-ਟਰਨ ਲੈਣ ਜਾਂ ਸੜਕ ਪਾਰ ਕਰਨ ਵਾਲੇ ਵਾਹਨਾਂ ਨੂੰ ਚਾਲਕ ਨਹੀਂ ਦੇਖਦੇ, ਜਿਸ ਕਾਰਨ ਕਈ ਖ਼ਤਰਨਾਕ ਹਾਦਸੇ ਵਾਪਰ ਜਾਂਦੇ ਹਨ। ਹਾਦਸਿਆਂ ਦਾ ਕਾਰਨ ਬਣ ਰਹੇ ਲੋੜ ਤੋਂ ਵੱਧ ਡਿਵਾਈਡਰਾਂ ਦੇ ਵਿਚਕਾਰ ਬਣੇ ਇਨ੍ਹਾਂ ਕੱਟਾਂ ਨੂੰ ਹਟਾਉਣ ਦੀ ਲੋੜ ਹੈ।
ਸਵਾਰਥੀ ਲੋਕਾਂ ਕਾਰਨ ਹੋ ਰਿਹੈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ
ਚੰਡੀਗੜ੍ਹ ਰੋਡ ਤੋਂ ਬੰਗਾ ਰੋਡ 'ਤੇ ਫਾਟਕ ਤੱਕ ਬਣੇ ਡਿਵਾਈਡਰ ਲੋਕਾਂ ਦੀ ਸੁਰੱਖਿਆ ਤੇ ਹਾਦਸਿਆਂ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਬਣਾਏ ਗਏੇ ਹਨ ਪਰ ਕੁਝ ਸਵਾਰਥੀ ਲੋਕਾਂ ਕਾਰਨ ਡਿਵਾਈਡਰਾਂ ਨੂੰ ਨੁਕਸਾਨ ਪਹੁੰਚਾ ਕੇ ਤੋੜੀ ਗਈ ਰੇਲਿੰਗ ਨਾਲ ਬਣਾਏ ਸ਼ਾਰਟ ਕੱਟ ਰਸਤਿਆਂ ਨਾਲ ਜਿਥੇ ਸਰਕਾਰੀ ਸੰਪਤੀ ਨੂੰ ਨੁਕਸਾਨ ਪੁੱਜ ਰਿਹਾ ਹੈ, ਉਥੇ ਹੀ ਅਜਿਹੇ ਬੇਲੋੜੇ ਕੱਟ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ।
ਕੀ ਕਹਿੰਦੇ ਹਨ ਡੀ. ਸੀ. ਸੋਨਾਲੀ ਗਿਰੀ
ਜਦੋਂ ਇਸ ਸੰਬੰਧ 'ਚ ਡੀ. ਸੀ. ਸੋਨਾਲੀ ਗਿਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਬੰਗਾ ਰੋਡ 'ਤੇ ਬਣੇ ਡਿਵਾਈਡਰਾਂ ਦੀ ਟੁੱਟ ਚੁੱਕੀ ਰੇਲਿੰਗ ਦੀ ਮੁਰੰਮਤ ਕਰਵਾਈ ਜਾਵੇਗੀ। ਚੰਡੀਗੜ੍ਹ ਰੋਡ 'ਤੇ ਪੈਰਿਸ ਹੋਟਲ ਨੇੜੇ ਜਿਥੋਂ ਡਿਵਾਈਡਰ ਸ਼ੁਰੂ ਹੁੰਦੇ ਹਨ, ਵਾਹਨ ਚਾਲਕਾਂ ਨੂੰ ਚਿਤਾਵਨੀ ਦੇਣ ਲਈ ਲਾਈਟਾਂ ਲਾਈਆਂ ਜਾਣਗੀਆਂ ਤੇ ਇਸੇ ਤਰ੍ਹਾਂ ਲੋੜ ਤੋਂ ਵੱਧ ਬਣੇ ਡਿਵਾਈਡਰਾਂ ਨੂੰ ਵੀ ਬੰਦ ਕੀਤਾ ਜਾਵੇਗਾ।
