ਸੜਕ ਸੁਰੱਖਿਆ ਫੋਰਸ ਜਲੰਧਰ ਵੱਲੋਂ ''ਸੜਕ ਸੁਰੱਖਿਆ ਜੀਵਨ ਰੱਖਿਆ'' ਮੁਹਿੰਮ ਤਹਿਤ ਕੀਤਾ ਗਿਆ ਜਾਗਰੂਕ
Tuesday, Jan 13, 2026 - 06:01 PM (IST)
ਜਲੰਧਰ: ਰਾਸ਼ਟਰੀ ਰੋਡ ਸੇਫਟੀ ਮਹੀਨਾ 2026 ਦੇ ਮੱਦੇਨਜ਼ਰ, ਪੰਜਾਬ ਦੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਸ (ਟਰੈਫਿਕ ਅਤੇ ਸੜਕ ਸੁਰੱਖਿਆ) ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੜਕ ਸੁਰੱਖਿਆ ਫੋਰਸ (SSF) ਜਲੰਧਰ ਰੇਂਜ ਦੀਆਂ ਟੀਮਾਂ ਵੱਲੋਂ ਇਲਾਕੇ ਵਿਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਮੁਹਿੰਮ ਨੂੰ 'ਸੜਕ ਸੁਰੱਖਿਆ ਜੀਵਨ ਰੱਖਿਆ' ਥੀਮ ਦੇ ਤਹਿਤ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਸੜਕੀ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ। ਇਨ੍ਹਾਂ ਗਤੀਵਿਧੀਆਂ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਸੜਕਾਂ 'ਤੇ ਚੱਲਣ ਵਾਲੇ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਸਟਿੱਕਰ ਲਗਾਏ ਤਾਂ ਜੋ ਧੁੰਦ ਜਾਂ ਰਾਤ ਦੇ ਸਮੇਂ ਵਾਹਨਾਂ ਦੀ ਦੂਰੋਂ ਪਛਾਣ ਹੋ ਸਕੇ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ।


ਇਸ ਤੋਂ ਇਲਾਵਾ, ਫੋਰਸ ਦੀਆਂ ਟੀਮਾਂ ਨੇ ਆਮ ਪਬਲਿਕ ਦੇ ਨਾਲ-ਨਾਲ ਖਾਸ ਤੌਰ 'ਤੇ ਟਰੱਕ ਅਤੇ ਟੈਂਪੂ ਯੂਨੀਅਨਾਂ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ। ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸੜਕਾਂ 'ਤੇ ਚੱਲਦੇ ਸਮੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਸੁਰੱਖਿਅਤ ਸਫ਼ਰ ਨੂੰ ਯਕੀਨੀ ਬਣਾਇਆ ਜਾ ਸਕੇ। ਸੜਕ ਸੁਰੱਖਿਆ ਫੋਰਸ ਵੱਲੋਂ ਕੀਤੀਆਂ ਗਈਆਂ ਇਹ ਕੋਸ਼ਿਸ਼ਾਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਵਾਹਨ ਚਲਾਉਣ ਲਈ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
