ਜਾਨਲੇਵਾ ਡੋਰ ਦਾ ਸ਼ਿਕਾਰ ਹੋਇਆ ਵਿਦਿਆਰਥੀ, ਗਰਦਨ ’ਤੇ ਲੱਗਾ ਕੱਟ
Saturday, Jan 03, 2026 - 01:25 AM (IST)
ਲੁਧਿਆਣਾ (ਗੌਤਮ) : ਪਾਬੰਦੀਸ਼ੁਦਾ ਡੋਰ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਸਖ਼ਤੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਆਏ ਦਿਨ ਲੋਕ ਇਸ ਜਾਨਲੇਵਾ ਡੋਰ ਦੇ ਸ਼ਿਕਾਰ ਹੋ ਰਹੇ ਹਨ। ਸ਼ੁਕਰਵਾਰ ਨੂੰ ਵੀ ਪੱਖੋਵਾਲ ਰੋਡ ’ਤੇ ਐਕਟਿਵਾ ’ਤੇ ਜਾ ਰਿਹਾ 16 ਸਾਲ ਦਾ ਵਿਦਿਆਰਥੀ ਵੀ ਪਾਬੰਦੀਸ਼ੁਦਾ ਡੋਰ ਦੀ ਚਪੇਟ ’ਚ ਆ ਗਿਆ, ਜਦਕਿ ਉਸ ਦੇ ਨਾਲ ਜਾ ਰਹੀ ਉਸ ਦੀ ਤਾਈ ਬਾਲ-ਬਾਲ ਬਚ ਗਈ।
ਡੋਰ ਦੇ ਕਾਰਨ ਉਸ ਦੀ ਗਰਦਨ ਦੇ ਦੋਵਾਂ ਪਾਸੇ ਡੂੰਘੇ ਕੱਟ ਲੱਗ ਗਏ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਨਿਜੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਨੂਰਵਾਲਾ ਰੋਡ ਦੇ ਰਹਿਣ ਵਾਲੇ ਲੋਵੇਸ਼ ਗਰਗ ਵਜੋਂ ਹੋਈ । ਲੋਵੇਸ਼ ਦੇ ਪਿਤਾ ਰਿਸ਼ੀ ਗਰਗ ਨੇ ਦੱਸਿਆ ਕਿ ਲੋਵੇਸ਼ 12ਵੀਂ ਜਮਾਤ ਦਾ ਵਿਦਿਆਰਥੀ ਹੈ। ਸ਼ੁੱਕਰਵਾਰ ਨੂੰ ਉਹ ਆਪਣੀ ਤਾਈ ਭਾਵਨਾ ਗਰਗ ਨਾਲ ਦੁੱਗਰੀ ਕਿਸੇ ਕੰਮ ਲਈ ਜਾ ਰਿਹਾ ਸੀ।
ਜਦੋਂ ਉਹ ਪੱਖੋਵਾਲ ਨਹਿਰ ਦੇ ਪੁਲ 'ਤੇ ਪਹੁੰਚਿਆ ਤਾਂ ਅਚਾਨਕ ਪਲਾਸਟਿਕ ਦੀ ਡੋਰ ਉਸਦੀ ਗਰਦਨ ’ਚ ਫੱਸ ਗਈ। ਜਿਸ ਕਾਰਨ ਉਸ ਦੇ ਦੋਵੇਂ ਪਾਸੇ ਕੱਟ ਲੱਗ ਗਿਆ। ਰਾਹਗੀਰਾਂ ਨੇ ਉਸ ਦੀ ਮਦਦ ਕਰਦੇ ਉਸ ਨੂੰ ਹਸਪਤਾਲ ਪਹੁੰਚਾਇਆ। ਉਸ ਦੀ ਗਰਦਨ 'ਤੇ 18 ਟਾਂਕੇ ਲੱਗੇ। ਇਸ ਸਬੰਧ ’ਚ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।
