ਬੈਂਕ ਕਰਮਚਾਰੀ ਬਣ ਕੇ ਖ਼ਾਤੇ ''ਚੋਂ ਕਢਵਾਏ 6.53 ਲੱਖ ਰੁਪਏ
Thursday, Jan 01, 2026 - 04:58 PM (IST)
ਬਠਿੰਡਾ (ਸੁਖਵਿੰਦਰ) : ਆਨਲਾਈਨ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ, ਜਿਸ 'ਚ ਵਿਅਕਤੀਆਂ ਨੂੰ ਵੱਖ-ਵੱਖ ਕਾਰੋਬਾਰਾ ਜਾਂ ਸਹਾਇਤਾ ਦਾ ਬਹਾਨਾ ਬਣਾ ਕੇ ਠੱਗਿਆ ਜਾ ਰਿਹਾ ਹੈ। ਬਠਿੰਡਾ 'ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਬੈਂਕ ਕਰਮਚਾਰੀ ਬਣ ਕੇ ਬਠਿੰਡਾ ਦੇ ਇੱਕ ਵਿਅਕਤੀ ਦੇ ਖਾਤੇ ਵਿੱਚੋਂ 6.5 ਲੱਖ ਰੁਪਏ ਤੋਂ ਵੱਧ ਕੱਢਵਾ ਲਏ। ਤਰਸੇਮ ਚੰਦ ਵਾਸੀ ਬਠਿੰਡਾ ਨੇ ਸਾਈਬਰ ਕ੍ਰਾਈਮ ਵਿੰਗ ਕੋਲ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਫੋਨ 'ਤੇ ਪੀ. ਐੱਨ. ਬੀ. ਐਪ ਦੀ ਵਰਤੋਂ ਕਰਨਾ ਚਾਹੁੰਦਾ ਸੀ।
ਉਸਨੇ ਇੱਕ ਫੇਸਬੁੱਕ ਉਪਭੋਗਤਾ ਨਾਲ ਸੰਪਰਕ ਕੀਤਾ ਜਿਸਦੀ ਪ੍ਰੋਫਾਈਲ 'ਤੇ ਪੀ. ਐੱਨ. ਬੀ. ਦਾ ਲੋਗੋ ਸੀ। ਸੰਪਰਕ ਕਰਨ 'ਤੇ ਵਿਅਕਤੀ ਨੇ ਬੈਂਕ ਕਰਮਚਾਰੀ ਹੋਣ ਦਾ ਦਾਅਵਾ ਕੀਤਾ ਅਤੇ ਐਪ ਦੀ ਵਰਤੋਂ ਕਰਨ ਦੇ ਬਹਾਨੇ ਉਸਦੇ ਖ਼ਾਤੇ ਦੇ ਵੇਰਵੇ ਅਤੇ ਓਟੀਪੀ ਪ੍ਰਾਪਤ ਕੀਤੇ। ਅਗਲੇ ਦਿਨ ਮੁਲਜ਼ਮ ਨੇ ਉਸਦੇ ਖਾਤੇ ਵਿੱਚੋਂ 6.53,500 ਰੁਪਏ ਕੱਢਵਾਏ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
