ਸੜਕ ਵਿਚਾਲੇ ਪਲਟਿਆ ਮੱਝਾਂ ਨਾਲ ਲੱਦਿਆ ਟਰੱਕ; 5 ਦੀ ਮੌਤ
Wednesday, Jan 07, 2026 - 12:32 PM (IST)
ਬਰਨਾਲਾ (ਪੁਨੀਤ): ਬਰਨਾਲਾ ਦੇ ਜੀ ਮਾਲ ਦੇ ਨੇੜੇ ਬਣੇ ਜਲੇਬੀ ਪੁਲ 'ਤੇ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਮੱਝਾਂ ਨਾਲ ਲੱਦਿਆ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਇਸ ਕਾਰਨ 5 ਮੱਝਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 11 ਮੱਝਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫ਼ੋਰਸ ਦੀ ਟੀਮ, ਸਥਾਨਕ ਪੁਲਸ ਅਤੇ ਨੰਦੀ ਗਊਸ਼ਾਲਾ ਦੇ ਸੇਵਾਦਾਰ ਤੁਰੰਤ ਮੌਕੇ 'ਤੇ ਪਹੁੰਚ ਗਏ। ਬਚਾਅ ਟੀਮਾਂ ਨੇ ਤਤਪਰਤਾ ਦਿਖਾਉਂਦੇ ਹੋਏ ਜ਼ਖ਼ਮੀ ਜਾਨਵਰਾਂ ਦਾ ਮੌਕੇ 'ਤੇ ਹੀ ਇਲਾਜ ਸ਼ੁਰੂ ਕਰ ਦਿੱਤਾ। ਸੇਵਾਦਾਰਾਂ ਵੱਲੋਂ ਜ਼ਖ਼ਮੀ ਮੱਝਾਂ ਦੀ ਮਲ੍ਹਮ-ਪੱਟੀ ਕੀਤੀ ਗਈ ਅਤੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ, ਜਿਸ ਸਦਕਾ 11 ਮੱਝਾਂ ਦੀ ਜਾਨ ਬਚਾਈ ਜਾ ਸਕੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਟਰੱਕ ਜਲੰਧਰ ਦੀ ਸੁਭਾਨਪੁਰ ਮੰਡੀ ਤੋਂ ਚੱਲਿਆ ਸੀ ਅਤੇ ਮੱਝਾਂ ਵਪਾਰੀਆਂ ਵੱਲੋਂ ਖਰੀਦੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪੁਲਸ ਅਧਿਕਾਰੀ ਅਨੁਸਾਰ, ਵਪਾਰੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
