ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ
Monday, Jan 12, 2026 - 11:28 AM (IST)
ਜ਼ੀਰਾ (ਗੁਰਮੇਲ ਸੇਖਵਾਂ) : ਕੈਂਟਰ ਅਤੇ ਕਾਰ ਵਿਚਕਾਰ ਹੋਏ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਅਤੇ ਇਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਵੱਲੋਂ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਰਾਜ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਸ਼ਿਕਾਇਤਕਰਤਾ ਕਾਕਾ ਪੁੱਤਰ ਭਗਵੰਤ ਸਿੰਘ ਵਾਸੀ ਮਰਖਾਈ ਨੇ ਦੱਸਿਆ ਕਿ 9 ਜਨਵਰੀ ਦੀ ਰਾਤ ਨੂੰ ਸੁਖਵੀਰ ਸਿੰਘ ਅਤੇ ਸੁਖਚੈਨ ਸਿੰਘ ਪੁੱਤਰ ਸੁਖਦੇਵ ਸਿੰਘ ਆਪਣੀ ਇੰਡੀਕਾ ਕਾਰ ’ਚ ਪਿੰਡ ਮਰਖਾਈ ਵੱਲ ਜਾ ਰਹੇ ਸਨ।
ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਕੈਂਟਰ ਦੇ ਅਣਪਛਾਤੇ ਚਾਲਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸੁਖਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸੁਖਚੈਨ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
