ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਕਮਾਊ ਪੁੱਤ, ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ
Monday, Mar 09, 2020 - 12:30 PM (IST)
![ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਕਮਾਊ ਪੁੱਤ, ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ](https://static.jagbani.com/multimedia/2020_3image_12_28_400934808ku.jpg)
ਤਲਵੰਡੀ ਸਾਬੋ (ਮੁਨੀਸ਼ ਗਰਗ): ਪੰਜਾਬ ਅੰਦਰ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਇਤਿਹਾਸਕ ਨਗਰ ਤਲਵੰਡੀ ਸਾਬੋ ਦਾ ਸਾਹਮਣੇ ਆਇਆ ਹੈ, ਉੱਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਮਨਿੰਦਰ ਸਿੰਘ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ, ਜਿਸ ਨੂੰ ਨਸ਼ੇ ਨੇ ਆਪਣੀ ਗ੍ਰਿਫਤ 'ਚ ਇਸ ਤਰ੍ਹਾਂ ਲਿਆ ਕਿ ਆਖਰ ਇਸ ਦੀ ਜਾਨ ਲੈ ਲਈ।
ਦੱਸਣਯੋਗ ਹੈ ਕਿ ਮਨਿੰਦਰ ਸਿੰਘ ਕਾਫੀ ਸਮੇਂ ਤੋਂ ਨਸ਼ਾ ਲੈਣ ਦਾ ਆਦੀ ਸੀ ਤੇ ਪਿਤਾ ਦੀ ਸੜਕ ਹਾਦਸੇ 'ਚ ਮੌਤ ਹੋਣ ਤੋਂ ਬਾਅਦ ਇਕੱਲਾ-ਇਕੱਲਾ ਕਮਾਊ ਪੁੱਤ ਸੀ, ਜੋ ਬਾਕੀ ਪਰਿਵਾਰਾਂ ਦੇ ਮੈਂਬਰਾਂ ਨੂੰ ਕਮਾ ਕੇ ਖੁਆ ਰਿਹਾ ਸੀ। ਮ੍ਰਿਤਕ ਦੀ ਮਾਤਾ ਹਰਬੰਸ ਕੌਰ ਨੇ ਕੀਰਨੇ ਪਾਉਂਦੀ ਹੋਈ ਨੇ ਦੱਸਿਆ ਕਿ ਅਸੀਂ ਉਸ ਨੂੰ ਬਥੇਰਾ ਵਰਜਿਆ ਪਰ ਤਲਵੰਡੀ ਸਾਬੋ 'ਚ ਨਸ਼ੇ ਦਾ ਕਹਿਰ ਹੀ ਇੰਨਾ ਹੈ ਕਿ ਮੇਰਾ ਲਾਡਰਾ ਪੁੱਤ ਨਸ਼ਾ ਕਰਨੋਂ ਨਹੀਂ ਹਟਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਖਤੀ ਕਰਕੇ ਨਸ਼ੇ ਨੂੰ ਹਟਾਇਆ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਵਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਲਵੰਡੀ ਸਾਬੋਂ ਤੋਂ ਤੁਰੰਤ ਚਿੱਟੇ ਨਸ਼ੇ ਨੂੰ ਬੰਦ ਕਰੇ ਤਾਂ ਜੋ ਹੋਰਨਾਂ ਮਾਵਾਂ ਦੇ ਪੁੱਤ ਇਸ ਤੋਂ ਬਚ ਸਕਣ।
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਪਹਿਲਾਂ ਵੀ ਬਹੁਤ ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰ ਦੇ ਨਸ਼ਾ ਬੰਦ ਕਰਨ ਦੇ ਦਾਅਵੇ ਸਾਰੇ ਖੌਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਨਸ਼ਾ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਹਰ ਘਰਾਂ ਦੇ ਘਰ ਨਾ ਉਜੜਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੀ ਭੈਣ ਜਾਂ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਧਿਆਪਕ ਲਾਠੀਚਾਰਜ 'ਤੇ ਬੋਲੇ ਮਾਨ, 'ਕੈਪਟਨ ਸਰਕਾਰ ਦਾ ਅੰਤ ਨਿਸ਼ਚਿਤ'