ਸਕੂਲ ਦੇ ਨੇੜੇ ਲਾਏ ਨਾਕੇ 'ਤੇ 3 ਨਸ਼ਾ ਤਸਕਰ ਗ੍ਰਿਫ਼ਤਾਰ
Tuesday, Jul 21, 2026 - 04:31 PM (IST)
ਲੁਧਿਆਣਾ (ਅਨਿਲ/ਰਾਜ): ਥਾਣਾ ਜਮਾਲਪੁਰ ਦੀ ਪੁਲਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਥਾਣੇਦਾਰ ਪਰਮੋਧ ਰਾਜ ਦੀ ਅਗਵਾਈ ਹੇਠ ਪੁਲਸ ਪਾਰਟੀ ਦੇ ਬਾਲਾ ਜੀ ਕਾਲੋਨੀ ਨੇੜੇ ਡੀਸੈਂਟ ਸਕੂਲ, ਭਾਮੀਆਂ ਕਲਾਂ ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਮਿਲੀ ਕਿ ਮੁਹੰਮਦ ਨਸੀਮ ਪੁੱਤਰ ਮੁਹੰਮਦ ਸਰਾਫੂਦੀਨ ਹਾਲ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਅਤੇ ਸੰਨੀ ਜੈਸਵਾਲ ਪੁੱਤਰ ਸ਼ਿਵਜੀ ਚੌਧਰੀ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਰੋਡ ਲੁਧਿਆਣਾ ਅਤੇ ਸ਼ਿਖਾ ਪਾਂਡੇ ਪਤਨੀ ਸੰਨੀ ਜੈਸਵਾਲ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਰੋਡ ਕਾਫੀ ਸਮੇਂ ਤੋਂ ਰਲ ਕੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰ ਰਹੇ ਹਨ। ਇਹ ਸਾਰੇ ਸਪਲੈਂਡਰ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਸਾਹਨੇਵਾਲ ਰੋਡ, ਲੁਧਿਆਣਾ ਵਾਲੀ ਸਾਇਡ ਤੋਂ ਭਾਮੀਆਂ ਕਲਾਂ ਅਤੇ ਹੁੰਦਲ ਚੌਂਕ ਤਾਜਪੁਰ ਰੋਡ, ਲੁਧਿਆਣਾ ਦੇ ਏਰੀਆ ਵਿਚ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਹੇ ਸੀ।
ਸੂਚਨਾ 'ਤੇ ਕਾਰਵਾਈ ਕਰਦਿਆਂ ਥਾਣੇਦਾਰ ਪਰਮੋਧ ਰਾਜ ਦੀ ਪੁਲਸ ਪਾਰਟੀ ਨੇ ਬਾਲਾ ਜੀ ਕਲੋਨੀ, ਨੇੜੇ ਡੀਸੈਂਟ ਸਕੂਲ, ਭਾਮੀਆਂ ਕਲਾਂ ਸੜਕ ਪਰ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਸੰਨੀ ਜੈਸਵਾਲ ਨੂੰ ਰੋਕਿਆ ਤੇ ਉਸ ਦੇ ਮੋਟਰਸਾਈਕਲ ਸਪਲੈਂਡਰ ਦੀ ਸਾਈਡ 'ਤੇ ਕਾਗਜ਼ਾਤ ਰੱਖਣ ਵਾਲੀ ਡਿੱਗੀ ਵਿਚੋਂ 150 ਗ੍ਰਾਮ ਹੈਰੋਇਨ, ਇਕ ਛੋਟਾ ਡਿਜੀਟਲ ਇਲੈਕਟ੍ਰੋਨਿਕ ਕੰਡਾ ਸਮੇਤ 25 ਖਾਲੀ ਪਾਰਦਰਸ਼ੀ ਮੋਮੀ ਪਾਊਚ ਬਰਾਮਦ ਕੀਤੇ ਅਤੇ ਸ਼ਿਖਾ ਪਾਂਡੇ ਪਾਸੋਂ 10,000/-ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
