ਆਮ ਜਨਤਾ ਨੂੰ ਵੱਡੀ ਰਾਹਤ: ਹੁਣ ਮਹੀਨਿਆਂ ’ਚ ਨਹੀਂ, ਸਿਰਫ 2-3 ਦਿਨਾਂ ’ਚ ਬਣੇਗਾ ਬੱਚਿਆਂ ਦਾ ਜਨਮ ਸਰਟੀਫਿਕੇਟ
Thursday, Oct 15, 2026 - 12:43 AM (IST)
ਲੁਧਿਆਣਾ (ਰਾਜ) - ਲੁਧਿਆਣਾ ਸਮੇਤ ਪੂਰੇ ਪੰਜਾਬ ਦੇ ਨਾਗਰਿਕਾਂ ਲਈ ਨਵਜੰਮੇ ਬੱਚਿਆਂ ਦਾ ਜਨਮ ਪ੍ਰਮਾਣ ਪੱਤਰ ਬਣਵਾਉਣਾ ਹੁਣ ਬਹੁਤ ਆਸਾਨ, ਤੇਜ਼ ਅਤੇ ਝੰਜਟ-ਮੁਕਤ ਹੋ ਗਿਆ ਹੈ। ਨਵੀਂ ਵਿਵਸਥਾ ਤਹਿਤ ਤਕਨੀਕੀ ਅੱਪਗ੍ਰੇਡੇਸ਼ਨ ਤੋਂ ਬਾਅਦ ਹੁਣ ਮਾਪਿਆਂ ਨੂੰ ਬਰਥ ਸਰਟੀਫਿਕੇਟ ਲਈ 15 ਦਿਨ ਜਾਂ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹੁਣ ਮਹਿਜ਼ 2 ਤੋਂ 3 ਦਿਨਾਂ ਦੇ ਅੰਦਰ ਬੱਚਿਆਂ ਦਾ ਪ੍ਰਮਾਣ ਪੱਤਰ ਬਣ ਕੇ ਤਿਆਰ ਹੋ ਜਾਵੇਗਾ।
ਪੁਰਾਣੀ ਵਿਵਸਥਾ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਮਾਪਿਆਂ ਨੂੰ ਹਸਪਤਾਲ ਤੋਂ ਮੈਨੂਅਲ ਫਾਰਮ ਅਤੇ ਡਿਸਚਾਰਜ ਸਲਿੱਪ ਲੈ ਕੇ ਫਾਈਲ ਵੈਰੀਫਿਕੇਸ਼ਨ ਲਈ ਨਗਰ ਨਿਗਮ ਦੇ ਸਬੰਧਤ ਜ਼ੋਨਲ ਦਫ਼ਤਰਾਂ ਤੇ ਸਿਹਤ ਅਧਿਕਾਰੀਆਂ ਕੋਲ ਭੇਜੀ ਜਾਂਦੀ ਸੀ। ਲੰਮੀ ਕਾਗਜ਼ੀ ਪ੍ਰਕਿਰਿਆ ਅਤੇ ਫਾਈਲਾਂ ਦੀ ਮੂਵਮੈਂਟ ਕਾਰਨ ਸਰਟੀਫਿਕੇਟ ਬਣਨ ਵਿਚ 15 ਦਿਨਾਂ ਤੋਂ ਲੈ ਕੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ।
ਕਈ ਵਾਰ ਲੋਕਾਂ ਨੂੰ ਕਲਰਕਾਂ ਅਤੇ ਬਾਬੂਆਂ ਦੇ ਵਾਰ ਵਾਰ ਗੇੜੇ ਮਾਰਨੇ ਪੈਂਦੇ ਸਨ। ਹੁਣ ਇਹ ਪੂਰੀ ਪ੍ਰਕਿਰਿਆ ਆਨਲਾਈਨ ਹੋ ਗਈ ਹੈ ਤੇ ਅਰਜ਼ੀ ਦੇਣ ਦੇ 2 ਤੋਂ 3 ਦਿਨਾਂ ਦੇ ਅੰਦਰ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਹ ਆਧੁਨਿਕ ਡਿਜੀਟਲ ਵਿਵਸਥਾ ਸਿਰਫ਼ ਲੁਧਿਆਣਾ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਵਿਚ ਇੱਕੋ ਸਮੇਂ ਲਾਗੂ ਕਰ ਦਿੱਤੀ ਗਈ ਹੈ।
