ਤੜਕੇ ਅਖ਼ਬਾਰ ਵੰਡਣ ਵਾਲੇ ਹਾਕਰ ਬਾਈਕਰਜ਼ ਗੈਂਗ ਦੇ ਨਿਸ਼ਾਨੇ ’ਤੇ, ਲੁੱਟ ਦੀਆਂ 4 ਵਾਰਦਾਤਾਂ

Sunday, Oct 25, 2026 - 04:37 PM (IST)

ਤੜਕੇ ਅਖ਼ਬਾਰ ਵੰਡਣ ਵਾਲੇ ਹਾਕਰ ਬਾਈਕਰਜ਼ ਗੈਂਗ ਦੇ ਨਿਸ਼ਾਨੇ ’ਤੇ, ਲੁੱਟ ਦੀਆਂ 4 ਵਾਰਦਾਤਾਂ

ਲੁਧਿਆਣਾ (ਰਾਜ) : ਮਹਾਨਗਰ 'ਚ ਸਵੇਰੇ-ਸਵੇਰੇ ਘਰਾਂ ਤੱਕ ਅਖ਼ਬਾਰ ਪਹੁੰਚਾਉਣ ਵਾਲੇ ਹਾਕਰ ਹੁਣ ਬੇਖ਼ੌਫ਼ ਬਾਈਕਰਜ਼ ਗੈਂਗ ਦੇ ਨਿਸ਼ਾਨੇ ’ਤੇ ਆ ਗਏ ਹਨ। ਘੰਟਾਘਰ ਮੁੱਖ ਕੇਂਦਰ ਤੋਂ ਅਖ਼ਬਾਰ ਚੁੱਕ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਲਈ ਨਿਕਲਣ ਵਾਲੇ ਹਾਕਰਾਂ ਨੂੰ ਸੁਨਸਾਨ ਸੜਕਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟਿਆ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਹਥਿਆਰਬੰਦ ਬਦਮਾਸ਼ਾਂ ਨੇ 4 ਹਾਕਰਾਂ ਤੋਂ ਨਕਦੀ ਅਤੇ ਮੋਬਾਇਲ ਫ਼ੋਨ ਲੁੱਟ ਲਏ ਹਨ।
ਪਵੇਲੀਅਨ ਮਾਲ ਪੁਲ ਬਣਿਆ ਲੁਟੇਰਿਆਂ ਦਾ ਅੱਡਾ
ਲੁਟੇਰਿਆਂ ਨੇ ਘੰਟਾਘਰ ਤੋਂ ਪਵੇਲੀਅਨ ਮਾਲ ਵੱਲ ਜਾਣ ਵਾਲੇ ਫ਼ਲਾਈਓਵਰ ਅਤੇ ਐਲੀਵੇਟਿਡ ਰੋਡ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ। ਤਾਜ਼ਾ ਮਾਮਲਿਆਂ 'ਚ ਪਵੇਲੀਅਨ ਮਾਲ ਪੁਲ ’ਤੇ ਕਾਕਾ ਨਾਂ ਦੇ ਹਾਕਰ ਤੋਂ ਮੋਬਾਇਲ ਲੁੱਟਿਆ ਗਿਆ, ਜਦੋਂ ਕਿ ਐਲੀਵੇਟਿਡ ਰੋਡ ’ਤੇ ਅਨਿਲ ਕੁਮਾਰ ਤੋਂ 7000 ਰੁਪਏ ਖੋਹ ਲਏ ਗਏ। ਇਸੇ ਤਰ੍ਹਾਂ ਛਾਬੜਾ ਠੇਕੇ ਨੇੜੇ ਹਾਕਰ ਕੇਸ਼ਵ ਕੁਮਾਰ ਅਤੇ ਸ਼ਿਵਪੁਰੀ ਇਲਾਕੇ 'ਚ ਹਾਕਰ ਸ਼ੰਕਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨਕਦੀ ਤੇ ਮੋਬਾਇਲ ਖੋਹ ਲਏ ਗਏ।
ਸਵੇਰੇ 4 ਤੋਂ 6 ਵਜੇ ਗਾਇਬ ਰਹਿੰਦੀ ਹੈ ਪੁਲਸ ਗਸ਼ਤ
ਹਾਕਰਾਂ ਅਨੁਸਾਰ ਉਹ ਸਵੇਰੇ 4 ਵਜੇ ਘੰਟਾਘਰ ਤੋਂ ਅਖ਼ਬਾਰ ਚੁੱਕ ਕੇ 4.30 ਵਜੇ ਸਪਲਾਈ ਲਈ ਨਿਕਲਦੇ ਹਨ। ਇਸ ਸਮੇਂ ਸੜਕਾਂ ਖ਼ਾਲੀ ਹੁੰਦੀਆਂ ਹਨ ਅਤੇ ਪੁਲਸ ਦੀ ਗਸ਼ਤ ਨਾ ਦੇ ਬਰਾਬਰ ਹੁੰਦੀ ਹੈ, ਜਿਸ ਦਾ ਫ਼ਾਇਦਾ ਚੁੱਕ ਕੇ ਅਪਰਾਧੀ ਬੇਖ਼ੌਫ਼ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਐਸੋਸੀਏਸ਼ਨ ਵਲੋਂ ਗਸ਼ਤ ਵਧਾਉਣ ਦੀ ਮੰਗ
‘ਲੁਧਿਆਣਾ ਨਿਊਜ਼ ਪੇਪਰ ਸਪਲਾਇਰ ਵੈੱਲਫ਼ੇਅਰ ਐਸੋਸੀਏਸ਼ਨ’ ਦੇ ਅਹੁਦੇਦਾਰਾਂ ਨੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਘੰਟਾਘਰ, ਮਾਤਾ ਰਾਣੀ ਚੌਂਕ, ਪਵੇਲੀਅਨ ਮਾਲ ਫ਼ਲਾਈਓਵਰ, ਸ਼ਿਵਪੁਰੀ ਅਤੇ ਛਾਬੜਾ ਚੌਕ ਵਰਗੇ ਮੁੱਖ ਰੂਟਾਂ ’ਤੇ ਤੜਕੇ 4 ਤੋਂ 7 ਵਜੇ ਤੱਕ ਵਿਸ਼ੇਸ਼ ਗਸ਼ਤ ਯਕੀਨੀ ਬਣਾਈ ਜਾਵੇ। ਐਡੀਸ਼ਨਲ ਸੀ. ਪੀ. ਰੁਪਿੰਦਰ ਸਿੰਘ ਨੇ ਸਵੇਰ ਦੇ ਸਮੇਂ ਗਸ਼ਤ ਵਧਾਉਣ ਦਾ ਭਰੋਸਾ ਦਿੱਤਾ ਹੈ।


 


author

Babita

Content Editor

Related News