ਪਿੰਡ ਡਾਲਾ ਦੇ ਬੰਦੇ ਨੇ ਅਮਰੀਕਾ ''ਚ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ ! ਪੁਲਸ ਨੇ ਕੀਤਾ ਗ੍ਰਿਫ਼ਤਾਰ
Monday, Oct 19, 2026 - 03:58 PM (IST)
ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ)- ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਡਾਲਾ ਦੇ ਇੱਕ ਵਿਅਕਤੀ ਵੱਲੋਂ ਅਮਰੀਕਾ 'ਚ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਮਗਰੋਂ ਉਸ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਅੱਗ ਲਗਾ ਕੇ ਸਾੜ ਦਿੱਤਾ। ਮ੍ਰਿਤਕਾ ਜੈਸਮੀਨ ਗਿੱਲ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਪਿੰਡ ਡਾਲਾ ਦੇ ਵਸਨੀਕ ਗੁਰਿੰਦਰ ਸਿੰਘ ਗਿੱਲ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ 7 ਮਹੀਨੇ ਦਾ ਬੱਚਾ ਵੀ ਹੈ।
ਗੁਰਿੰਦਰ ਸਿੰਘ ਗਿੱਲ ਅਤੇ ਉਸ ਦੀ ਪਤਨੀ ਜੈਸਮੀਨ ਗਿੱਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ 'ਚ ਰਹਿ ਰਹੇ ਸਨ। ਪਤੀ-ਪਤਨੀ ਦਾ ਆਪਸ 'ਚ ਤਲਾਕ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਦੋਂ ਕੁਝ ਦਿਨ ਤੱਕ ਜੈਸਮੀਨ ਦਾ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਜੈਸਮੀਨ ਦੇ ਚਚੇਰੇ ਭਰਾ ਨੇ ਅਮਰੀਕਾ ਦੀ ਪੁਲਸ ਨੂੰ ਉਸ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ਮਗਰੋਂ ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੇ ਉਸ ਦੇ ਪਤੀ ਗੁਰਿੰਦਰ ਗਿੱਲ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਗੁਰਿੰਦਰ ਗਿੱਲ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਪੁਲਸ ਨੇ ਗੁਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ।
ਜੈਸਮੀਨ ਗਿੱਲ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਜਗਤਾਰ ਸਿੰਘ ਜਲਾਜਣ ਅਤੇ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਦੀ ਸੇਵਾ ਮੁਕਤ ਡਾ. ਸੁਖਵਿੰਦਰ ਕੌਰ ਰਾਣੀ ਦੀ ਸਪੁੱਤਰੀ ਅਤੇ ਉੱਘੇ ਕਵੀ ਕਵੀ ਪਾਸ ਆਜ਼ਾਦ ਦੀ ਭੈਣ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਜਸਮੀਨ ਗਿੱਲ ਦੀਆਂ ਅਸਥੀਆਂ ਅਮਰੀਕਾ ਤੋਂ ਪੰਜਾਬ ਮੰਗਵਾਈਆਂ ਜਾ ਰਹੀਆਂ ਹਨ ਅਤੇ ਫਿਲਹਾਲ ਉਸ ਦੇ ਸੱਤ ਮਹੀਨੇ ਦੇ ਬੇਟੇ ਦੀ ਦੇਖਭਾਲ ਅਮਰੀਕੀ ਸਰਕਾਰ ਕਰ ਰਹੀ ਹੈ।
ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀਆਂ ਹਰਜਿੰਦਰ ਸਿੰਘ, ਹਿੰਮਤ ਸਿੰਘ, ਕਸਤੂਰੀ ਲਾਲ, ਮਨਜੀਤ ਕੌਰ, ਭੁਪਿੰਦਰ ਸਿੰਘ, ਡੀ.ਐੱਮ.ਸੀ. ਹਸਪਤਾਲ ਦੇ ਮੁਲਾਜ਼ਮ ਆਗੂ ਦਰਸ਼ਨ ਮੈਥਿਊ, ਪਰਮਿੰਦਰ ਸਿੰਘ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਦੇ ਇੱਕ ਵਿਅਕਤੀ ਕੇਵਲ ਸਿੰਘ ਵੱਲੋਂ ਬੈਲਜੀਅਮ 'ਚ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਟੋਟੇ-ਟੋਟੇ ਕਰਕੇ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ। ਕਤਲ ਤੋਂ 10 ਸਾਲ ਬਾਅਦ ਕਾਤਲ ਦਾ ਪਤਾ ਲੱਗਾ ਸੀ ਤੇ ਹੁਣ ਉਸ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਲਕੇ ਦੇ ਬੰਦਿਆਂ ਵੱਲੋਂ ਵਿਦੇਸ਼ਾਂ 'ਚ ਪਤਨੀ ਦਾ ਕਤਲ ਕੀਤੇ ਜਾਣ ਦੀ ਇਹ ਦੂਜੀ ਵੱਡੀ ਵਾਰਦਾਤ ਹੈ।
