ਭੈਣ ''ਤੇ ਮਾੜੀ ਨਿਗਾਹ ਰੱਖਣ ਵਾਲੇ ਦਾ ਵੱਢ''ਤਾ ਗੁੱਟ! ਪੁਲਸ ਵੱਲੋਂ 2 ਗ੍ਰਿਫ਼ਤਾਰ

Monday, Oct 26, 2026 - 05:17 PM (IST)

ਭੈਣ ''ਤੇ ਮਾੜੀ ਨਿਗਾਹ ਰੱਖਣ ਵਾਲੇ ਦਾ ਵੱਢ''ਤਾ ਗੁੱਟ! ਪੁਲਸ ਵੱਲੋਂ 2 ਗ੍ਰਿਫ਼ਤਾਰ

ਲੁਧਿਆਣਾ (ਰਾਜ)- ਗਿੱਲ ਕਾਲੋਨੀ ਵਿਚ ਸ਼ਨੀਵਾਰ ਸਵੇਰੇ ਅੰਜਾਮ ਦਿੱਤੀ ਗਈ ਰੂਹ ਕੰਬਾਊ ਵਾਰਦਾਤ ਵਿਚ ਪੁਲਸ ਜਾਂਚ ਦੌਰਾਨ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। ਘਰ ਵਿਚ ਵੜ ਕੇ 40 ਸਾਲਾ ਸ਼ਕਤੀ ਸਿੰਘ ਉਰਫ਼ ਭੂਰਾ ਦਾ ਤਲਵਾਰ ਨਾਲ ਹੱਥ ਵੱਢ ਕੇ ਵੱਖ ਕਰਨ ਅਤੇ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਦਲਬੀਰ ਸਿੰਘ ਅਤੇ ਉਸ ਦੇ ਸਾਥੀ ਲਖਬੀਰ ਸਿੰਘ ਉਰਫ਼ ਵਿੱਕੀ ਕਾਰਪੈਂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੇ ਮਾਮਲੇ ਵਿਚ ਕੁੱਲ 7 ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫ਼ਰਾਰ ਮੁਲਜ਼ਮਾਂ ਦੀ ਪਛਾਣ ਰਾਹੁਲ ਬੇਵੜਾ, ਮਾਣਾ, ਗਗਨ ਢਿੱਲੋਂ, ਲਾਡੋ ਅਤੇ ਮਨੀ ਬਾਸ਼ਾ ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।

ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ 4 ਹਥਿਆਰਬੰਦ ਨੌਜਵਾਨ ਗਿੱਲ ਕਾਲੋਨੀ ਸਥਿਤ ਮਕਾਨ ਵਿਚ ਦਾਖ਼ਲ ਹੋਏ ਅਤੇ ਸ਼ਕਤੀ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਚਾਅ ਸਮੇਂ ਤਲਵਾਰ ਦੇ ਵਾਰ ਨਾਲ ਉਸ ਦਾ ਗੁੱਟ ਵੱਢ ਕੇ ਵੱਖ ਹੋ ਗਿਆ। ਵਿਚ-ਬਚਾਅ ਕਰਨ ਆਏ ਮਕਾਨ ਮਾਲਕ ਨਾਲ ਵੀ ਕੁੱਟਮਾਰ ਕੀਤੀ ਗਈ। ਹਮਲਾਵਰ ਵੱਢਿਆ ਹੱਥ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ ਕੇ ਬਾਈਕ ’ਤੇ ਫ਼ਰਾਰ ਹੋ ਗਏ। ਜ਼ਿਆਦਾ ਖ਼ੂਨ ਵਹਿਣ ਕਾਰਨ ਹਸਪਤਾਲ ਵਿਚ ਭੂਰਾ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ 800 ਮੀਟਰ ਦੂਰ ਸਥਿਤ ਇਕ ਕਰਿਆਨਾ ਸਟੋਰ ’ਤੇ ਪਹੁੰਚੇ ਅਤੇ ਦੁਕਾਨਦਾਰ ਨੂੰ ਡਰਾ-ਧਮਕਾ ਕੇ ਵੱਢੇ ਹੱਥ ਵਾਲਾ ਲਿਫ਼ਾਫ਼ਾ ਕਾਊਂਟਰ ’ਤੇ ਰੱਖਦਿਆਂ ਕਿਹਾ ਕਿ ਇਸ ਨੂੰ ਭੂਰਾ ਦੇ ਘਰ ਪਹੁੰਚਾ ਦੇਣਾ। ਭੱਜਦੇ ਹੋਏ ਬਦਮਾਸ਼ਾਂ ਦੀ ਇਕ ਸੀ. ਸੀ. ਟੀ. ਵੀ. ਫ਼ੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਮੁਲਜ਼ਮ ਦੇ ਹੱਥ ਵਿਚ ਨੰਗੀ ਤਲਵਾਰ ਦਿਖਾਈ ਦੇ ਰਹੀ ਹੈ।

ਰੰਜਿਸ਼, ਚੋਰੀ ਦਾ ਮਾਲ ਅਤੇ ਅਪਰਾਧਿਕ ਪਿਛੋਕੜ

ਪੁਲਸ ਪੁੱਛਗਿੱਛ ਦੌਰਾਨ ਮੁੱਖ ਮੁਲਜ਼ਮ ਦਲਬੀਰ ਨੇ ਦਾਅਵਾ ਕੀਤਾ ਕਿ ਮ੍ਰਿਤਕ ਉਸ ਦੀ ਭੈਣ ’ਤੇ ਮਾੜੀ ਨਜ਼ਰ ਰੱਖਦਾ ਸੀ, ਜਿਸ ਕਾਰਨ ਇਹ ਵਾਰਦਾਤ ਕੀਤੀ ਗਈ। ਦੂਜੇ ਪਾਸੇ ਪੁਲਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਕਤੀ ਸਿੰਘ ਭੂਰਾ ਖ਼ੁਦ ਵੀ ਅਪਰਾਧਿਕ ਪਿਛੋਕੜ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ 12 ਅਪਰਾਧਿਕ ਮਾਮਲੇ ਦਰਜ ਸਨ।ਸੂਤਰਾਂ ਅਨੁਸਾਰ ਚੋਰੀ ਦੇ ਸਾਮਾਨ ਨੂੰ ਵੇਚ ਕੇ ਆਏ ਪੈਸਿਆਂ ਦੀ ਵੰਡ-ਵੰਡਾਈ ਨੂੰ ਲੈ ਕੇ ਵੀ ਇਨ੍ਹਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਰਾਤ ਤੋਂ ਹੀ ਘਰ ਅੰਦਰ ਬਹਿਸ ਹੋ ਰਹੀ ਸੀ, ਜੋ ਸਵੇਰੇ ਖੂਨੀ ਖੇਡ ’ਚ ਬਦਲ ਗਈ।

ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਮੁਲਜ਼ਮਾਂ ਨੇ ਕਰੀਬ 10 ਮਿੰਟ ਤੱਕ ਘਰ ਵਿਚ ਮੌਤ ਦਾ ਤਾਂਡਵ ਮਚਾਇਆ ਅਤੇ ਬਾਹਰ ਖੜ੍ਹੇ ਲੋਕਾਂ ਨੂੰ ਪੁਲਸ ਨੂੰ ਦੱਸਣ ’ਤੇ ਅਜਿਹਾ ਹੀ ਹਸ਼ਰ ਕਰਨ ਦੀਆਂ ਧਮਕੀਆਂ ਦਿੱਤੀਆਂ। ਸਾਹਮਣੇ ਵਾਲੇ ਘਰ ਦੇ ਲੋਕਾਂ ਵਲੋਂ ਵੀਡੀਓ ਬਣਾਉਣ ਦੇ ਸ਼ੱਕ ’ਚ ਮੁਲਜ਼ਮਾਂ ਨੇ ਉਨ੍ਹਾਂ ਦੇ ਗੇਟ ’ਤੇ ਵੀ ਦਾਤਰ ਮਾਰਿਆ, ਜਿਸ ਨਾਲ ਇਲਾਕੇ ’ਚ ਭਾਰੀ ਦਹਿਸ਼ਤ ਫੈਲ ਗਈ। ਪੁਲਸ ਅਧਿਕਾਰੀਆਂ ਅਨੁਸਾਰ ਬਾਕੀ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਹਥਿਆਰ ਬਰਾਮਦ ਕਰ ਲਏ ਜਾਣਗੇ।
 


author

Anmol Tagra

Content Editor

Related News