ਪੁਲਸ ਵੱਲੋਂ ਨਸ਼ੇ ਦੀ ਹਾਲਤ ਵਿਚ ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ ''ਤੇ ਮੁਕੱਦਮਾ ਦਰਜ

Thursday, Jul 02, 2026 - 05:27 PM (IST)

ਪੁਲਸ ਵੱਲੋਂ ਨਸ਼ੇ ਦੀ ਹਾਲਤ ਵਿਚ ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ ''ਤੇ ਮੁਕੱਦਮਾ ਦਰਜ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿਚ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦਾ ਮੈਡੀਕਲ ਡੋਪ ਟੈਸਟ ਕਰਵਾਉਣ 'ਤੇ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਦੋਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

​ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਆਈ. ਮਨਦੀਪ ਕੌਰ ਦੀ ਅਗਵਾਈ ਹੇਠ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਤਲਾਸ਼ ਦੇ ਸਬੰਧ ਵਿਚ ਬਠਿੰਡਾ ਬਾਈਪਾਸ ਤੋਂ ਮਲੋਟ ਰੋਡ ਵੱਲ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਮਲੋਟ ਰੋਡ ਬਾਈਪਾਸ ਨੇੜੇ ਸਥਿਤ 'ਲੋਹਰੀਆ ਦਾ ਢਾਬਾ' ਕੋਲ ਦੋ ਮੋਨੇ ਨੌਜਵਾਨ ਦਿਖਾਈ ਦਿੱਤੇ।

​ਪੁਲਸ ਪਾਰਟੀ ਨੂੰ ਦੋਵਾਂ ਨੌਜਵਾਨਾਂ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਸ਼ੱਕ ਹੋਇਆ ਕਿ ਉਨ੍ਹਾਂ ਨੇ ਕੋਈ ਨਸ਼ੀਲਾ ਪਦਾਰਥ ਖਾਧਾ ਜਾਂ ਪੀਤਾ ਹੋਇਆ ਹੈ। ਸ਼ੱਕ ਦੇ ਅਧਾਰ 'ਤੇ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੀ ਪਛਾਣ ​ਧੀਰਜ ਕੁਮਾਰ ਪੁੱਤਰ ਗੁਲਸ਼ਨ ਕੁਮਾਰ, ਵਾਸੀ ਸੁੱਖ ਹਸਪਤਾਲ ਵਾਲੀ ਗਲੀ, ਮਲੋਟ ਰੋਡ ਬਾਈਪਾਸ, ਸ੍ਰੀ ਮੁਕਤਸਰ ਸਾਹਿਬ ਅਤੇ ​ਪਵਨ ਕੁਮਾਰ ਉਰਫ਼ ਬੱਚੀ ਉਰਫ਼ ਸ਼ੰਟੂ ਪੁੱਤਰ ਓਮ ਪ੍ਰਕਾਸ਼, ਵਾਸੀ ਕੋਟਲੀ ਰੋਡ ਨੇੜੇ ਬ੍ਰਿਜ ਲਾਲ ਸਾਈਕਲ ਸਟੋਰ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। 

​ਮੁਲਜ਼ਮਾਂ ਨੇ ਕਬੂਲੀ ਨਸ਼ਾ ਕਰਨ ਦੀ ਗੱਲ

​ਪੁਲਸ ਹਿਰਾਸਤ ਵਿਚ ਪੁੱਛਗਿੱਛ ਦੌਰਾਨ ਦੋਵਾਂ ਨੌਜਵਾਨਾਂ ਨੇ ਖ਼ੁਦ ਮੰਨਿਆ ਕਿ ਉਹ ਕਾਫ਼ੀ ਸਮਾਂ ਪਹਿਲਾਂ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਦੇ ਆਦੀ ਹੋ ਗਏ ਸਨ ਅਤੇ ਅੱਜ ਵੀ ਉਨ੍ਹਾਂ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ। ਪੁਲਸ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੈਡੀਕਲ ਡੋਪ ਟੈਸਟ ਕਰਵਾਇਆ ਗਿਆ। ਡੋਪ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News