ਅਬਨੂਰ ਕਾਲਜ ਨੇੜੇ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

Thursday, Jun 25, 2026 - 02:58 PM (IST)

ਅਬਨੂਰ ਕਾਲਜ ਨੇੜੇ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਫਰੀਦਕੋਟ (ਰਾਜਨ)- ਫਰੀਦਕੋਟ ਦੇ ਫਿਰੋਜ਼ਪੁਰ ਰੋਡ ਸਥਿਤ ਅਬਨੂਰ ਕਾਲਜ ਨੇੜੇ ਨਹਿਰ 'ਚੋਂ 26 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜ਼ਾਹਰ ਕਰਨ ਤੋਂ ਬਾਅਦ ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜ ਕੁਮਾਰ ਵਾਸੀ ਪਿੰਡ ਜੰਗ, ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਨੇ ਦੱਸਿਆ ਕਿ ਉਸ ਦਾ ਪੁੱਤਰ ਗੁਲਸ਼ਨ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇੜੇ ਇਕ ਫਾਰਮੇਸੀ 'ਚ ਕੰਟਰੈਕਟ ਆਧਾਰ ’ਤੇ ਕੰਮ ਕਰਦਾ ਸੀ ਅਤੇ ਨਰਾਇਣ ਨਗਰ ਵਿੱਚ ਇਕ ਪੀ. ਜੀ. ਵਿੱਚ ਰਹਿੰਦਾ ਸੀ।

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ

ਸ਼ਿਕਾਇਤਕਰਤਾ ਮੁਤਾਬਕ 22 ਜੂਨ ਨੂੰ ਉਸ ਦੇ ਪੁੱਤਰ ਦਾ ਦੋਸਤ ਡਾਕਟਰ ਅਜੂਸ਼, ਜੋ ਸਿਵਲ ਹਸਪਤਾਲ ਬਰਨਾਲਾ ਨਾਲ ਸਬੰਧਤ ਹੈ, ਫਰੀਦਕੋਟ ਕਿਸੇ ਕੰਮ ਲਈ ਆਇਆ ਹੋਇਆ ਸੀ। ਅਗਲੇ ਦਿਨ ਉਹ ਗੁਲਸ਼ਨ ਨੂੰ ਆਪਣੇ ਨਾਲ ਖਾਣਾ ਖਾਣ ਦਾ ਬਹਾਨਾ ਬਣਾ ਕੇ ਕਾਰ ਵਿੱਚ ਲੈ ਗਿਆ। ਪਰਿਵਾਰ ਵੱਲੋਂ ਕਈ ਵਾਰ ਗੁਲਸ਼ਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਫੋਨ ਨਹੀਂ ਲੱਗਿਆ।

ਸ਼ਿਕਾਇਤ ਮੁਤਾਬਕ ਜਦੋਂ ਰਾਤ ਕਰੀਬ 9 ਵਜੇ ਡਾਕਟਰ ਅਜੂਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਗੁਲਸ਼ਨ ਸ਼ਾਮ ਕਰੀਬ 5 ਵਜੇ ਸੂਏ ਵਿੱਚ ਰੁੜ੍ਹ ਗਿਆ ਸੀ। ਇਸ ਸਬੰਧੀ ਪਰਿਵਾਰ ਨੇ ਸ਼ੱਕ ਜ਼ਾਹਰ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ ਅਤੇ ਉਸ ਨੂੰ ਮਾਰ ਕੇ ਨਹਿਰ ਵਿੱਚ ਸੁੱਟਿਆ ਗਿਆ ਹੈ।

ਬਾਅਦ 'ਚ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦੇ ਸ਼ੱਕ ਹੋਰ ਡੂੰਘੇ ਹੋ ਗਏ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਬੂਤਾਂ ਅਤੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News