ਸਾਦਿਕ ਪੁਲਸ ਨੇ ਵੱਡੀ ਵਾਰਦਾਤ ਟਾਲੀ, ਪਿਸਤੌਲ ਤੇ ਕਾਰਤੂਸਾਂ ਸਮੇਤ ਦੋ ਕਾਬੂ
Wednesday, Jul 01, 2026 - 04:17 PM (IST)
ਸਾਦਿਕ (ਪਰਮਜੀਤ) : ਐੱਸ.ਐੱਸ.ਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਾਦਿਕ ਪੁਲਸ ਵੱਲੋਂ ਥਾਣਾ ਮੁਖੀ ਗੁਰਲਾਲ ਸਿੰਘ ਦੀ ਅਗਵਾਈ ਹੇਠ ਮੁਹਿੰਮ ਵਿੱਢੀ ਹੋਈ ਹੈ।ਇਸ ਤਹਿਤ ਸਾਦਿਕ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਨੌਜਵਾਨਾਂ ਨੂੰ ਪਿਸਤੌਲ ਤੇ ਕਾਰਤੂਸਾਂ ਸਮੇਤ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਗੁਰਦੇਵ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਸਮੇਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਲਈ ਸੰਧੂਰਾ ਸਿੰਘ ਚੌਂਕ ਸਾਦਿਕ ਮੌਜੂਦ ਸੀ ਤਾਂ ਕਰੀਬ ਇਕ ਕੁ ਵਜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਰਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਭੂਰੇਕਲਾਂ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਮਨ ਪੁੱਤਰ ਰਮੇਸ਼ ਵਾਸੀ ਖਾਈ ਫੈਮੇ ਕੀ ਜ਼ਿਲ੍ਹਾ ਫਿਰੋਜ਼ਪੁਰ ਜਿਨ੍ਹਾਂ ਕੋਲ ਨਜਾਇਜ਼ ਅਸਲਾ ਹੈ ਜੋ ਕਿਸੇ ਵੀ ਸਮੇਂ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਉਹ ਦੋਵੇਂ ਹੁਣ ਫਿਰੋਜ਼ਪੁਰ ਰੋਡ ਦਾਣਾ ਮੰਡੀ ਪਿੰਡ ਡੋਡ ਦੀ ਬਣੀ ਸ਼ੈੱਡ ਕੋਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੜੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਪਾਸੋਂ ਨਜਾਇਜ਼ ਅਸਲਾ ਅਤੇ ਹੋਰ ਬ੍ਰਾਮਦਗੀ ਹੋ ਸਕਦੀ ਹੈ।
ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਜਦ ਪੁਲਸ ਪਾਰਟੀ ਨੇ ਛਾਪੇਮਾਰੀ ਕੀਤੀ ਤਾਂ ਮੋਟਰਸਾਈਕਲ ਸਮੇਤ ਦੋ ਜਣੇ ਮਿਲੇ ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 1 ਪਿਸਟਲ 30 ਬੋਰ ਅਤੇ 4 ਜਿੰਦਾ ਰੋਂਦ, ਮੋਟਰਸਾਈਕਲ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ। ਪੁੱਛਣ 'ਤੇ ਉਨ੍ਹਾਂ ਆਪਣਾ ਨਾਮ ਜਰਮਨਪ੍ਰੀਤ ਸਿੰਘ ਅਤੇ ਅਮਨ ਦੱਸਿਆ। ਦੋਵਾਂ ਖਿਲਾਫ ਨਜਾਇਜ ਅਸਲਾ ਰੱਖਣ ਤਹਿਮ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਕਤਾਨ ਨੂੰ ਕਾਬੂ ਕਰਕੇ ਸਾਦਿਕ ਪੁਲਸ ਨੇ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਹੈ। ਹੁਣ ਪੁਲਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਪਿਸਤੌਲ ਕਿੱਥੋਂ ਲੈ ਕੇ ਆਏ ਅਤੇ ਕੀ ਵਾਰਦਾਤ ਕਰਨੀ ਸੀ।
