ਅਬਨੂਰ ਕਾਲਜ ਨੇੜੇ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
Thursday, Jun 25, 2026 - 05:55 PM (IST)
ਫਰੀਦਕੋਟ (ਰਾਜਨ) : ਫਰੀਦਕੋਟ ਦੇ ਫਿਰੋਜ਼ਪੁਰ ਰੋਡ ਸਥਿਤ ਅਬਨੂਰ ਕਾਲਜ ਨੇੜੇ ਨਹਿਰ ਵਿਚੋਂ 26 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜ਼ਾਹਰ ਕਰਨ ਤੋਂ ਬਾਅਦ ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜ ਕੁਮਾਰ ਵਾਸੀ ਪਿੰਡ ਜੰਗ, ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਨੇ ਦੱਸਿਆ ਕਿ ਉਸ ਦਾ ਪੁੱਤਰ ਗੁਲਸ਼ਨ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇੜੇ ਇਕ ਫਾਰਮੇਸੀ ਵਿਚ ਕੰਟਰੈਕਟ ਆਧਾਰ ’ਤੇ ਕੰਮ ਕਰਦਾ ਸੀ ਅਤੇ ਨਰਾਇਣ ਨਗਰ ਵਿਚ ਇਕ ਪੀ.ਜੀ. ਵਿਚ ਰਹਿੰਦਾ ਸੀ। ਸ਼ਿਕਾਇਤਕਰਤਾ ਅਨੁਸਾਰ 22 ਜੂਨ ਨੂੰ ਉਸ ਦੇ ਪੁੱਤਰ ਦਾ ਦੋਸਤ ਡਾਕਟਰ ਅਜੂਸ਼, ਜੋ ਸਿਵਲ ਹਸਪਤਾਲ ਬਰਨਾਲਾ ਨਾਲ ਸਬੰਧਤ ਹੈ, ਫਰੀਦਕੋਟ ਕਿਸੇ ਕੰਮ ਲਈ ਆਇਆ ਹੋਇਆ ਸੀ। ਅਗਲੇ ਦਿਨ ਉਹ ਗੁਲਸ਼ਨ ਨੂੰ ਆਪਣੇ ਨਾਲ ਖਾਣਾ ਖਾਣ ਦਾ ਬਹਾਨਾ ਬਣਾ ਕੇ ਕਾਰ ਵਿਚ ਲੈ ਗਿਆ। ਪਰਿਵਾਰ ਵੱਲੋਂ ਕਈ ਵਾਰ ਗੁਲਸ਼ਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਫੋਨ ਨਹੀਂ ਲੱਗਿਆ।
ਸ਼ਿਕਾਇਤ ਮੁਤਾਬਕ ਜਦੋਂ ਰਾਤ ਕਰੀਬ 9 ਵਜੇ ਡਾਕਟਰ ਅਜੂਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਗੁਲਸ਼ਨ ਸ਼ਾਮ ਕਰੀਬ 5 ਵਜੇ ਸੂਏ ਵਿਚ ਰੁੜ੍ਹ ਗਿਆ ਸੀ। ਇਸ ਸਬੰਧੀ ਪਰਿਵਾਰ ਨੇ ਸ਼ੱਕ ਜ਼ਾਹਰ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ ਅਤੇ ਉਸ ਨੂੰ ਮਾਰ ਕੇ ਨਹਿਰ ਵਿਚ ਸੁੱਟਿਆ ਗਿਆ ਹੈ। ਬਾਅਦ ਵਿਚ ਨੌਜਵਾਨ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦੇ ਸ਼ੱਕ ਹੋਰ ਗਹਿਰੇ ਹੋ ਗਏ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਬੂਤਾਂ ਅਤੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
