ਸ਼ੱਕੀ ਹਾਲਤ ਵਿਚ ਘੁੰਮ ਰਹੇ ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ ''ਤੇ ਮੁਕੱਦਮਾ ਦਰਜ

Monday, Jun 29, 2026 - 05:42 PM (IST)

ਸ਼ੱਕੀ ਹਾਲਤ ਵਿਚ ਘੁੰਮ ਰਹੇ ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ ''ਤੇ ਮੁਕੱਦਮਾ ਦਰਜ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੁਸਤੈਦੀ ਦਿਖਾਉਂਦੇ ਹੋਏ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਨੌਜਵਾਨਾਂ ਦਾ ਮੈਡੀਕਲ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

​ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਜਲਾਲਾਬਾਦ ਰੋਡ ਵੱਲ ਜਾ ਰਹੀ ਸੀ। ਜਦੋਂ ਪੁਲਸ ਪਾਰਟੀ ਜਲਾਲਾਬਾਦ ਰੋਡ 'ਤੇ ਸਥਿਤ ਸੂਏ ਦੇ ਪੁਲ ਕੋਲ ਪਹੁੰਚੀ ਤਾਂ ਉੱਥੇ ਖੱਬੇ ਹੱਥ ਬਣੇ ਇਕ ਥੜ੍ਹੇ ਉੱਪਰ ਦੋ ਮੋਨੇ ਨੌਜਵਾਨ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ।

​ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਗੱਡੀ ਰੋਕੀ ਅਤੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
​ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ​ਰਾਹੁਲ ਕੁਮਾਰ ਉਰਫ਼ ਬਿੱਲੂ ਪੁੱਤਰ ਸੋਮਾ ਸਿੰਘ, ਵਾਸੀ ਗਾਂਧੀ ਨਗਰ, ਗਲੀ ਨੰਬਰ 2, ਸ੍ਰੀ ਮੁਕਤਸਰ ਸਾਹਿਬ ਅਤੇ ​ਨਿਸ਼ਾਨ ਸਿੰਘ ਪੁੱਤਰ ਬੂਟਾ ਸਿੰਘ, ਵਾਸੀ ਪਿੰਡ ਚੱਕ ਦਮਾਲ (ਟਿੰਡਾ ਵਾਲਾ), ਜ਼ਿਲ੍ਹਾ ਫ਼ਾਜ਼ਿਲਕਾ (ਜੋ ਕਿ ਅੱਜਕਲ੍ਹ ਗੋਨਿਆਣਾ ਰੋਡ, ਨੇੜੇ ਜਗਮੀਤ ਬਰਾੜ ਦੀ ਕੋਠੀ, ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਸੀ) ਵਜੋਂ ਹੋਈ ਹੈ।

​ਡੋਪ ਟੈਸਟ ਤੋਂ ਬਾਅਦ ਮਾਮਲਾ ਦਰਜ

​ਹਰਾਸਤ ਵਿਚ ਲੈਣ ਤੋਂ ਬਾਅਦ ਜਦੋਂ ਪੁਲਸ ਵੱਲੋਂ ਉਕਤ ਦੋਵਾਂ ਨੌਜਵਾਨਾਂ ਦਾ ਮੈਡੀਕਲ ਨਿਰੀਖਣ ਕਰਵਾਇਆ ਗਿਆ, ਤਾਂ ਉਨ੍ਹਾਂ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਦੇ ਅਧਾਰ 'ਤੇ ਪੁਲਸ ਨੇ ਦੋਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News