ਨਹਿਰ ’ਚ ਡੁੱਬਣ ਕਾਰਨ 21 ਸਾਲਾ ਨੌਜਵਾਨ ਮੁੰਡੇ ਦੀ ਮੌਤ
Wednesday, Jul 01, 2026 - 01:10 PM (IST)
ਜੈਤੋ (ਜਿੰਦਲ) : ਪਿੰਡ ਮੱਤਾ ਦੇ ਇਕ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਦੁਖਦਾਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸਤਜਿੰਦਰ ਸਿੰਘ (21) ਸਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੱਤਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਤਜਿੰਦਰ ਸਿੰਘ ਪਿੰਡ ਦੇ ਹੀ ਇਕ ਕਿਸਾਨ ਗੁਰਪ੍ਰੇਮ ਉਰਫ਼ ਗੋਰੀ ਅਤੇ ਕੁਝ ਹੋਰ ਸਾਥੀਆਂ ਨਾਲ ਨਹਿਰ ’ਤੇ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਤੇਜ਼ ਵਹਾਅ ਕਾਰਨ ਨਹਿਰ ’ਚ ਡੁੱਬ ਗਿਆ। ਕਿਸੇ ਰਾਹਗੀਰ ਵੱਲੋਂ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸੋਸਾਇਟੀ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਟੀਮ ਅਤੇ ਪਿੰਡ ਵਾਸੀਆਂ ਸਮੇਤ ਮੌਕੇ ’ਤੇ ਪਹੁੰਚੇ। ਪਹਿਲੇ ਦਿਨ ਕਾਫੀ ਮੁਸ਼ੱਕਤ ਦੇ ਬਾਵਜੂਦ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਅਗਲੇ ਦਿਨ ਸਤਜਿੰਦਰ ਸਿੰਘ ਦੀ ਲਾਸ਼ ਨਹਿਰ ਦੇ ਮੋਘੇ ’ਚੋਂ ਦੀ ਨਿਕਲ ਕੇ ਪਿੰਡ ਕਾਸ਼ਮ ਭੱਟੀ ਵਿਖੇ ਤਰਦੀ ਹੋਈ ਮਿਲੀ। ਸੋਸਾਇਟੀ ਵੱਲੋਂ ਤੁਰੰਤ ਜੈਤੋ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਏ. ਐੱਸ. ਆਈ. ਸੁਖਵੀਰ ਸਿੰਘ ਦੀ ਨਿਗਰਾਨੀ ਹੇਠ ਪਿੰਡ ਦੇ ਪਤਵੰਤੇ ਸੱਜਣਾ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਸੋਸਾਇਟੀ ਦੀ ਐਂਬੂਲੈਂਸ ਰਾਹੀਂ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਲਿਆਂਦਾ ਗਿਆ। ਪੁਲਸ ਵੱਲੋਂ ਜ਼ਰੂਰੀ ਕਾਰਵਾਈ ਅਮਲ ’ਚ ਲਿਆਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
