ਫਿਰੋਜ਼ਪੁਰ ਦੇ ਖੇਤਾਂ ''ਚੋਂ ਪਾਕਿਸਤਾਨੀ ਡਰੋਨ ਬਰਾਮਦ

Friday, Jun 05, 2026 - 05:54 PM (IST)

ਫਿਰੋਜ਼ਪੁਰ ਦੇ ਖੇਤਾਂ ''ਚੋਂ ਪਾਕਿਸਤਾਨੀ ਡਰੋਨ ਬਰਾਮਦ

ਫਿਰੋਜ਼ਪੁਰ (ਸੰਨੀ ਚੋਪੜਾ): ਭਾਰਤ-ਪਾਕਿਸਤਾਨ ਸਰਹੱਦ 'ਤੇ BSF ਨੇ ਇਕ ਵਾਰ ਫਿਰ ਦੇਸ਼ ਵਿਰੋਧੀ ਅਨਸਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦ ਪਾਰ ਤੋਂ ਡਰੋਨਾਂ ਦੀ ਲਗਾਤਾਰ ਹੋ ਰਹੀ ਮੂਵਮੈਂਟ ਦੇ ਦਰਮਿਆਨ, ਮਮਦੋਟ ਇਲਾਕੇ ਵਿਚ ਭਾਰਤੀ ਖੇਤਰ ਵਿਚ ਦਾਖਲ ਹੋਏ ਇਕ ਡਰੋਨ ਨੂੰ ਐਂਟੀ-ਡਰੋਨ ਸਿਸਟਮ ਦੀ ਮਦਦ ਨਾਲ ਡੇਗ ਦਿੱਤਾ ਗਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਖੇਤਾਂ ਵਿਚੋਂ ਡਿੱਗਿਆ ਹੋਇਆ ਡਰੋਨ ਬਰਾਮਦ ਕੀਤਾ ਗਿਆ। ਬੀ.ਐੱਸ.ਐੱਫ. ਨੇ ਇਸ ਸਬੰਧੀ ਤੁਰੰਤ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਅਤੇ ਬਰਾਮਦ ਕੀਤਾ ਗਿਆ ਡਰੋਨ ਪੁਲਸ ਦੇ ਹਵਾਲੇ ਕਰ ਦਿੱਤਾ।

ਡਰੋਨ ਮਿਲਣ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਸਬੰਧਤ ਇਲਾਕੇ ਵਿਚ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਹ ਅਪਰੇਸ਼ਨ ਇਸ ਲਈ ਚਲਾਇਆ ਗਿਆ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ੇ ਦੀ ਕੋਈ ਖੇਪ ਜਾਂ ਕੋਈ ਹੋਰ ਇਤਰਾਜ਼ਯੋਗ ਸਮੱਗਰੀ ਤਾਂ ਨਹੀਂ ਸੁੱਟੀ ਗਈ। ਹਾਲਾਂਕਿ, ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਚਲਾਈ ਗਈ ਤਲਾਸ਼ੀ ਦੌਰਾਨ ਨਸ਼ੇ ਦੀ ਕੋਈ ਖੇਪ ਬਰਾਮਦ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਇਲਾਕੇ ਵਿਚ ਡਰੋਨਾਂ ਦੀ ਆਮਦ ਵਧ ਗਈ ਹੈ, ਪਰ ਭਾਰਤ ਦੇ ਐਂਟੀ-ਡਰੋਨ ਸਿਸਟਮ ਅਤੇ ਮੁਸਤੈਦ ਜਵਾਨਾਂ ਵੱਲੋਂ ਇਨ੍ਹਾਂ ਨੂੰ ਸਮੇਂ ਸਿਰ ਡੇਗ ਕੇ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News