ਫਾਜ਼ਿਲਕਾ ਪੁਲਸ ਨੇ 130 ਗੁੰਮਸ਼ੁਦਾ ਮੋਬਾਇਲ ਫੋਨ ਲੱਭ ਕੇ ਅਸਲ ਮਾਲਕਾਂ ਨੂੰ ਕੀਤੇ ਸਪੁਰਦ
Wednesday, Oct 07, 2026 - 03:30 PM (IST)
ਫਾਜ਼ਿਲਕਾ (ਸੁਖਵਿੰਦਰ ਥਿੰਦ) : ਗਗਨ ਅਜੀਤ ਸਿੰਘ, ਸੀਨੀਅਰ ਕਪਤਾਨ ਪੁਲਸ, ਫਾਜ਼ਿਲਕਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਥਾਣਾ ਸਾਈਬਰ ਕ੍ਰਾਈਮ ਪੁਲਸ ਵੱਲੋਂ ਲੋਕਾਂ ਦੀ ਸਹੂਲਤ ਅਤੇ ਗੁੰਮਸ਼ੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਲਈ ਇੱਕ ਮਹੱਤਵਪੂਰਨ ਉਪਰਾਲਾ ਕਰਦਿਆਂ CEIR (Central Equipment Identity Register) ਪੋਰਟਲ ਦੀ ਮਦਦ ਨਾਲ 130 ਗੁੰਮਸ਼ੁਦਾ ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਗਏ ਹਨ। ਮੋਬਾਇਲ ਫੋਨ ਵਾਪਸ ਮਿਲਣ ’ਤੇ ਲੋਕਾਂ ਨੇ ਫਾਜ਼ਿਲਕਾ ਪੁਲਸ ਦਾ ਧੰਨਵਾਦ ਕੀਤਾ ਅਤੇ ਪੁਲਸ ਦੀ ਇਸ ਲੋਕ-ਹਿਤੈਸ਼ੀ ਪਹਿਲ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਥਾਣਿਆਂ ਵੱਲੋਂ ਵੀ ਸਮੇਂ-ਸਮੇਂ ’ਤੇ ਗੁੰਮਸ਼ੁਦਾ ਅਤੇ ਚੋਰੀਸ਼ੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਕਰਕੇ ਉਨ੍ਹਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਂਦਾ ਹੈ। ਇਸ ਮੌਕੇ ਫਾਜ਼ਿਲਕਾ ਪੁਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦਾ ਮੋਬਾਇਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਪੁਲਸ ਥਾਣੇ ਜਾਂ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨਾਲ ਸੰਪਰਕ ਕਰਨ ਦੇ ਨਾਲ-ਨਾਲ CEIR ਪੋਰਟਲ ’ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਮੋਬਾਈਲ ਨੂੰ IMEI ਨੰਬਰ ਰਾਹੀਂ ਬਲਾਕ ਕਰਕੇ ਉਸਦੀ ਟਰੇਸਿੰਗ ਅਤੇ ਬਰਾਮਦਗੀ ਵਿੱਚ ਮਦਦ ਮਿਲ ਸਕੇ। CEIR ਇੱਕ ਆਧੁਨਿਕ ਪੋਰਟਲ ਹੈ, ਜਿਸ ਰਾਹੀਂ ਮੋਬਾਇਲ ਫੋਨਾਂ ਦੇ IMEI ਨੰਬਰ ਨੂੰ ਮੈਨੇਜ ਕੀਤਾ ਜਾਂਦਾ ਹੈ।
ਇਸ ਪੋਰਟਲ ਦੀ ਮਦਦ ਨਾਲ ਗੁੰਮ ਜਾਂ ਚੋਰੀ ਹੋਏ ਮੋਬਾਇਲ ਨੂੰ ਬਲਾਕ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸਨੂੰ ਕਿਸੇ ਹੋਰ ਸਿੰਮ ਨਾਲ ਵੀ ਨੈੱਟਵਰਕ ’ਤੇ ਵਰਤਣਾ ਮੁਸ਼ਕਲ ਹੋ ਜਾਂਦਾ ਹੈ। ਅਧਿਕਾਰਤ ਪੁਲਸ ਏਜੰਸੀਆਂ CEIR ਰਾਹੀਂ ਉਪਲੱਬਧ ਜਾਣਕਾਰੀ ਦੀ ਮਦਦ ਨਾਲ ਮੋਬਾਇਲ ਟਰੇਸ ਕਰ ਸਕਦੀਆਂ ਹਨ। ਮੋਬਾਇਲ ਬਰਾਮਦ ਹੋਣ ਉਪਰੰਤ ਉਸਨੂੰ ਅਨਬਲਾਕ ਕਰਕੇ ਅਸਲ ਮਾਲਕਾਂ ਨੂੰ ਸੌਂਪ ਦਿੱਤਾ ਜਾਂਦਾ ਹੈ।
