ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
Thursday, Oct 15, 2026 - 02:44 PM (IST)
ਫ਼ਿਰੋਜ਼ਪੁਰ (ਕੁਮਾਰ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਅਮਨਦੀਪ ਕੌਰ ਨੇ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਜੋ 2 ਮਹੀਨੇ ਤੱਕ ਲਾਗੂ ਰਹਿਣਗੇ। ਉਨ੍ਹਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਪੈਦਾ ਕਰਨ ਵਾਲੇ ਪਟਾਕੇ, ਢੋਲ, ਲਾਊਡ ਸਪੀਕਰ ਅਤੇ ਰਿਹਾਇਸ਼ੀ ਇਲਾਕਿਆਂ 'ਚ ਹਾਰਨ ਵਜਾਉਣ 'ਤੇ ਪੂਰਨ ਪਾਬੰਦੀ ਲਗਾਈ ਹੈ। ਕਿਸੇ ਵੀ ਥਾਂ ਲਾਊਡ ਸਪੀਕਰ ਦੀ ਆਵਾਜ਼ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਹੀਂ ਹੋਵੇਗੀ।
ਜਾਰੀ ਹੁਕਮਾਂ ਅਨੁਸਾਰ ਸਿਵਲ ਸਰਜਨ ਦੀ ਰਿਪੋਰਟ 'ਤੇ ਜ਼ਿਲ੍ਹੇ ਅੰਦਰ ਹੁੱਕਾ ਬਾਰ ਚਲਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਨ੍ਹਾਂ 'ਚ ਨਿਕੋਟੀਨ, ਤੰਬਾਕੂ ਵਾਲੇ ਫਲੇਵਰ ਵਰਤੇ ਜਾਂਦੇ ਹਨ ਜੋ ਸਿਹਤ ਲਈ ਖ਼ਤਰਨਾਕ ਹਨ ਅਤੇ ਨੌਜਵਾਨਾਂ ਨੂੰ ਮਾੜੀ ਲਤ ਵੱਲ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਅਤੇ ਸਿਨੇਮਾ ਹਾਲ ਮਾਲਕਾਂ ਨੂੰ 15 ਦਿਨਾਂ ਅੰਦਰ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਦੇ ਹੁਕਮ ਦਿੱਤੇ ਗਏ ਹਨ। ਸਰਟੀਫਿਕੇਟ ਦੀ ਕਾਪੀ ਢੁੱਕਵੀਂ ਥਾਂ 'ਤੇ ਲਗਾਉਣੀ ਲਾਜ਼ਮੀ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ 'ਤੇ ਸਬੰਧਿਤ ਅਦਾਰਾ ਬੰਦ ਕਰ ਦਿੱਤਾ ਜਾਵੇਗਾ ਅਤੇ ਲਾਊਡ ਸਪੀਕਰ ਲਈ ਵੱਖਰੇ ਤੌਰ 'ਤੇ ਐੱਸ. ਡੀ. ਐੱਮ. ਤੋਂ ਇਕ ਹਫ਼ਤਾ ਪਹਿਲਾਂ ਇਜਾਜ਼ਤ ਲੈਣੀ ਪਵੇਗੀ।
