ਫਿਰੋਜ਼ਪੁਰ ਮੰਡਲ 'ਚ ਬਿਨਾਂ ਟਿਕਟ ਯਾਤਰੀਆਂ 'ਤੇ ਸ਼ਿਕੰਜਾ, 22,855 ਯਾਤਰੀ ਕੋਲੋਂ 2 ਕਰੋੜ ਤੋਂ ਵੱਧ ਵਸੂਲਿਆ ਜੁਰਮਾਨਾ
Tuesday, Oct 06, 2026 - 01:51 PM (IST)
ਅੰਮ੍ਰਿਤਸਰ(ਜਸ਼ਨ): ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਲ ਵੱਲੋਂ ਸਤੰਬਰ 2026 ਦੌਰਾਨ ਟਰੇਨਾਂ ’ਚ ਟਿਕਟ ਚੈਕਿੰਗ ਦੌਰਾਨ ਕੁੱਲ 22,855 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਪਾਏ ਗਏ। ਇਨ੍ਹਾਂ ਤੋਂ ਜੁਰਮਾਨੇ ਵਜੋਂ 2 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵਸੂਲ ਕੀਤਾ ਗਿਆ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਏ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਬਣਾਉਣ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਜਾਂਚ ਕੀਤੀ ਜਾਂਦੀ ਹੈ।
ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ’ਚ 202 ਯਾਤਰੀਆਂ ਨੂੰ ਸਟੇਸ਼ਨ ਪਰਿਸਰ ’ਚ ਗੰਦਗੀ ਫੈਲਾਉਣ ਦੇ ਦੋਸ਼ ਹੇਠ (ਐਂਟੀ ਲਿਟਰਿੰਗ ਐਕਟ) 81 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ। ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ’ਚ ਟਿਕਟ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ। ਟਿਕਟ ਚੈਕਿੰਗ ਦਾ ਮੁੱਖ ਮਕਸਦ ਜਾਇਜ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਸਹੂਲਤ ਪ੍ਰਦਾਨ ਕਰਨਾ ਹੈ। ਟਿਕਟ ਚੈਕਿੰਗ ਦੇ ਮਾਧਿਅਮ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਅਣਅਧਿਕਾਰਤ ਜਾਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਕਾਰਨ ਜਾਇਜ਼ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
