ਫਿਰੋਜ਼ਪੁਰ ਦੇ ਵਿਅਕਤੀ ਨਾਲ ਸਾਈਬਰ ਠੱਗੀ, ਕ੍ਰੈਡਿਟ ਕਾਰਡ ਤੋਂ 4.98 ਲੱਖ ਰੁਪਏ ਉਡਾਏ

Saturday, Oct 17, 2026 - 02:44 PM (IST)

ਫਿਰੋਜ਼ਪੁਰ ਦੇ ਵਿਅਕਤੀ ਨਾਲ ਸਾਈਬਰ ਠੱਗੀ, ਕ੍ਰੈਡਿਟ ਕਾਰਡ ਤੋਂ 4.98 ਲੱਖ ਰੁਪਏ ਉਡਾਏ

ਫਿਰੋਜ਼ਪੁਰ (ਖੁੱਲਰ) : ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਬੈਂਕਿੰਗ ਸਹੂਲਤਾਂ ਦੇਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ 'ਚ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿਅਕਤੀ ਨਾਲ ਕਰੀਬ ਪੰਜ ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਜਿੰਦਰ ਕੁਮਾਰ ਪੁੱਤਰ ਜੰਗੀਰ ਲਾਲ ਮਨਚੰਦਾ ਵਾਸੀ 124, ਵਿਕਾਸ ਵਿਹਾਰ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ 15 ਅਕਤੂਬਰ 2026 ਨੂੰ ਉਸ ਦੇ ਮੋਬਾਇਲ ਫੋਨ ’ਤੇ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦਾ ਲਾਈਫਟਾਈਮ ਮੁਫ਼ਤ ਕ੍ਰੈਡਿਟ ਕਾਰਡ ਦੇਣ ਦੀ ਪੇਸ਼ਕਸ਼ ਕੀਤੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਦੇ ਪੁਰਾਣੇ ਕ੍ਰੈਡਿਟ ਕਾਰਡ ਦਾ ਨੰਬਰ ਪੁੱਛਿਆ ਅਤੇ ਭੇਜੇ ਗਏ ਲਿੰਕ ਵਿਚ ਕਾਰਡ ਨਾਲ ਸਬੰਧਿਤ ਸਾਰੀ ਜਾਣਕਾਰੀ ਭਰਨ ਲਈ ਕਿਹਾ। ਉਸ ਨੇ ਉਕਤ ਲਿੰਕ 'ਚ ਜਾਣਕਾਰੀ ਭਰ ਦਿੱਤੀ। ਇਸ ਤੋਂ ਬਾਅਦ ਉਸ ਦੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਵਿੱਚੋਂ ਪੰਜ ਵੱਖ-ਵੱਖ ਲੈਣ-ਦੇਣ ਰਾਹੀਂ ਕੁੱਲ 4,98,994 ਰੁਪਏ ਟਰਾਂਸਫਰ ਹੋ ਗਏ। ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਇਸ ਧੋਖਾਧੜੀ ਸਬੰਧੀ 15 ਅਕਤੂਬਰ ਨੂੰ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Babita

Content Editor

Related News